ਬਾਲਮੀਕ ਜੀ ਭ੍ਰਿਗ ਵੰਸ਼ (ਵੱਡੇ ਰਿਸ਼ੀਆਂ ਦਾ ਪਰਿਵਾਰ) ਵਿੱਚ ਜਨਮੇ ਸਨ। ਇਹਨਾਂ ਦਾ ਪਰਿਵਾਰ ਪ੍ਰਚੇਤਾ ਖਾਨਦਾਨ ਨਾਲ ਜੁੜਿਆ ਹੋਇਆ ਸੀ ਅਤੇ ਇਹ ਸਮਾਂ ਤਰੇਤਾ ਯੁਗ ਦੀ ਸ਼ੁਰੂਆਤ ਮੰਨੀ ਜਾਂਦੀ ਹੈ।
ਪਰ ਕਿਸੇ ਕਾਰਨ ਕਰਕੇ ਇਹ ਜਨਮ ਹੋਣ ਤੋਂ ਬਾਅਦ ਭੀਲ (ਜੰਗਲ ਵਸਨੀਕ) ਪਰਿਵਾਰ ਦੇ ਘਰ ਪਲੇ ਵਧੇ। ਜਵਾਨ ਵੀ ਉੱਥੇ ਹੀ ਹੋਏ ਅਤੇ ਵਿਆਹ ਵੀ ਇੱਕ ਭੀਲ ਕੁੜੀ ਨਾਲ ਹੋਇਆ।
ਜਿਨ੍ਹਾਂ ਭੀਲ ਮਾਤਾ-ਪਿਤਾ ਨੇ ਇਹਨਾਂ ਨੂੰ ਪਾਲਿਆ ਸੀ, ਉਹ ਬੁੱਢੇ ਹੋ ਗਏ, ਇਸ ਲਈ ਬਾਲਮੀਕ ਜੀ ਹੀ ਸਾਰੇ ਪਰਿਵਾਰ ਦੀ ਦੇਖਭਾਲ ਕਰਦੇ ਸਨ।
ਭੀਲ ਜਾਤੀ ਦਾ ਪੁਰਾਣਾ ਕੰਮ ਧਾੜੇ ਤੇ ਡਕੈਤੀ ਸੀ, ਇਸ ਕਰਕੇ ਬਾਲਮੀਕ ਜੀ ਵੀ ਕੁਦਰਤੀ ਤੌਰ ‘ਤੇ ਇਸੇ ਕੰਮ ਵਿੱਚ ਸ਼ਾਮਲ ਹੋ ਗਏ।
ਉਹ ਰਸਤੇ ਵਿੱਚ ਬੈਠ ਜਾਂਦੇ ਸਨ ਅਤੇ ਜਦੋਂ ਕੋਈ ਰਾਹੀ ਲੰਘਦਾ ਤਾਂ ਉਸ ਨੂੰ ਰੋਕ ਕੇ ਜੋ ਕੁਝ ਪੈਸਾ ਜਾਂ ਸਮਾਨ ਹੁੰਦਾ ਸੀ, ਉਹ ਲੁੱਟ ਲੈਂਦੇ।
ਲੁੱਟਿਆ ਹੋਇਆ ਸਮਾਨ ਜਾਂ ਉਸ ਦਾ ਮੁੱਲ ਵੇਚ ਕੇ ਜੋ ਪੈਸਾ ਮਿਲਦਾ, ਉਸ ਨਾਲ ਉਹ ਆਪਣੇ ਪਰਿਵਾਰ ਦੀ ਰੋਟੀ-ਰੋਜ਼ੀ ਚਲਾਉਂਦੇ ਸਨ।
ਬਾਲਮੀਕ ਦੇ ਸਾਹਮਣੇ ਸੱਤ ਰਿਸ਼ੀ — ਕਸ਼ਯਪ, ਅਤ੍ਰਿ, ਭਾਰਦਵਾਜ, ਵਸ਼ਿਸ਼ਟ, ਗੌਤਮ, ਵਿਸ਼ਵਾਮਿੱਤਰ ਤੇ ਜਮਦਗਨਿ — ਉਸ ਰਸਤੇ ਤੋਂ ਲੰਘ ਰਹੇ ਸਨ।
ਬਾਲਮੀਕ ਨੇ ਉਨ੍ਹਾਂ ਨੂੰ ਰੋਕਿਆ ਤੇ ਕਿਹਾ ਕਿ ਜੋ ਕੁਝ ਵੀ ਤੁਹਾਡੇ ਕੋਲ ਹੈ, ਦੇ ਦਿਓ ਤੇ ਆਪਣੇ ਸਿਰ ਨੀਵੇਂ ਕਰਕੇ ਮੇਰੇ ਕੁਹਾੜੇ ਦੇ ਵਾਰ ਨੂੰ ਸਹਿਣ ਲਈ ਤਿਆਰ ਹੋ ਜਾਓ।
ਰਿਸ਼ੀਆਂ ਨੇ ਨਿਮਰਤਾ ਨਾਲ ਕਿਹਾ ਕਿ ਸਾਡੇ ਕੋਲ ਸਿਰਫ਼ ਲੰਗੋਟੀ ਅਤੇ ਜੇਉੜੀ ਹਨ, ਹੋਰ ਕੁਝ ਨਹੀਂ। ਜੇ ਤੂੰ ਚਾਹੇਂ ਤਾਂ ਅਸੀਂ ਖੁਸ਼ੀ-ਖੁਸ਼ੀ ਦੇ ਦੇਵਾਂਗੇ, ਪਰ ਸਾਨੂੰ ਮਾਰਨਾ ਕਿਉਂ?
ਬਾਲਮੀਕ ਨੇ ਦੱਸਿਆ ਕਿ ਉਸ ਦਾ ਪ੍ਰਣ ਹੈ — ਜੋ ਵੀ ਮੇਰੀਆਂ ਅੱਖਾਂ ਅੱਗੇ ਲੰਘੇਗਾ, ਉਨ੍ਹਾਂ ਨੂੰ ਮਾਰ ਦੇਵਾਂਗਾ, ਭਾਵੇਂ ਕੋਲ ਕੁਝ ਹੋਵੇ ਜਾਂ ਨਾ ਹੋਵੇ।
ਉਸ ਨੇ ਕੁਹਾੜਾ ਉਠਾਇਆ ਪਰ ਜਦ ਮਾਰਨ ਦੀ ਕੋਸ਼ਿਸ਼ ਕੀਤੀ, ਤਾਂ ਉਸਦਾ ਦਿਲ ਨਹੀਂ ਮੰਨਿਆ; ਹੌਸਲਾ ਟੁੱਟ ਗਿਆ।
ਕਿੰਨਾ ਚਿਰ ਤਾਂ ਰਿਸ਼ੀ ਸਿਰ ਨੀਵਾਂ ਕਰਕੇ ਖੜ੍ਹੇ ਰਹੇ, ਪਰ ਜਦ ਬਾਲਮੀਕ ਨਿੰਮੋਝੂਣਾ ਜਿਹਾ ਹੋ ਕੇ ਖਲੋ ਗਿਆ, ਤਾਂ ਉਨ੍ਹਾਂ ਨੇ ਪੁੱਛਿਆ, “ਕਿਉਂ ਭਾਈ! ਹੁਣ ਤੂੰ ਸਾਨੂੰ ਮਾਰਦਾ ਕਿਉਂ ਨਹੀਂ?”
ਬਾਲਮੀਕ ਨੇ ਕਿਹਾ, “ਪਤਾ ਨਹੀਂ ਅੱਜ ਮੇਰੇ ਮਨ ਨੂੰ ਕੀ ਹੋ ਗਿਆ ਹੈ। ਤੁਹਾਡਾ ਦਰਸ਼ਨ ਕਰਦਿਆਂ ਹੀ ਮੇਰਾ ਮਨ ਹੋਰ ਦਾ ਹੋਰ ਹੋ ਗਿਆ ਹੈ। ਤੁਹਾਨੂੰ ਮਾਰਨਾ ਨਹੀਂ ਚਾਹੁੰਦਾ, ਪਰ ਜੇ ਤੁਹਾਨੂੰ ਜੀਉਂਦਾ ਜਾਣ ਦਿਆਂ, ਤਾਂ ਮੇਰਾ ਪ੍ਰਣ ਟੁੱਟਦਾ ਹੈ, ਮੈਂ ਪ੍ਰਣ ਤੋੜਨਾ ਵੀ ਗੁਨਾਹ ਸਮਝਦਾ ਹਾਂ।”
ਸੰਤਾਂ ਨੇ ਪੁੱਛਿਆ, “ਤੂੰ ਅਜਿਹਾ ਉਗਰ ਪਾਪ ਰੂਪ ਪ੍ਰਣ ਕਿਉਂ ਕੀਤਾ?”
ਬਾਲਮੀਕ ਨੇ ਉੱਤਰ ਦਿੱਤਾ, “ਇੱਕ ਦਿਨ ਮੈਂ ਇੱਕ ਆਦਮੀ ਨੂੰ ਮਾਰ ਕੇ ਉਸਦੇ ਕੱਪੜੇ ਫੋਲੇ, ਤਾਂ ਉਸਦੇ ਖੀਸੇ ਵਿੱਚੋਂ ਇੱਕ ਧੇਲੇ ਦੀਆਂ ਕੌਡਾਂ ਤੋਂ ਛੁੱਟ ਹੋਰ ਕੁਝ ਨਾ ਨਿਕਲਿਆ। ਕੱਪੜੇ ਵੀ ਕੋਈ ਚੰਗੇ ਨਹੀਂ ਸਨ, ਉਹ ਵੀ ਮੇਰੇ ਕਿਸੇ ਕੰਮ ਨਾ ਆਏ। ਮੈਂ ਧੇਲੇ ਦੀਆਂ ਕੌਡਾਂ ਲੈ ਕੇ ਘਰ ਗਿਆ ਤੇ ਜਾ ਕੇ ਮਾਂ ਨੂੰ ਕਿਹਾ, ‘ਮਾਂ, ਮੈਂ ਜੋ ਕੰਮ ਕਰਦਾ ਹਾਂ ਉਹ ਚੰਗਾ ਨਹੀਂ ਹੈ। ਵੇਖ! ਅੱਜ ਮੈਂ ਇੱਕ ਖੂਨ ਕੀਤਾ ਹੈ, ਪਰ ਬਦਲੇ ਵਿੱਚ ਸਿਰਫ਼ ਇੱਕ ਧੇਲਾ (ਛੋਟਾ ਸਿੱਕਾ) ਮਿਲਿਆ। ਇਸ ਲਈ ਮੈਂ ਫੈਸਲਾ ਕੀਤਾ ਕਿ ਹੁਣ ਤੋਂ ਇਹ ਕੰਮ ਨਹੀਂ ਕਰਾਂਗਾ।’
ਇਹ ਸੁਣ ਕੇ ਮਾਂ ਧੇਲੇ ਦੀਆਂ ਕੌਡਾਂ (ਸਿੱਕੇ) ਲੈ ਕੇ ਬਾਜ਼ਾਰ ਚਲੀ ਗਈ। ਉੱਥੋਂ ਉਹ ਮੱਛੀ ਮਾਰ ਕੋਲੋਂ ਇੱਕ ਧੇਲੇ ਦੇ ਬਦਲੇ ਮੱਛੀਆਂ ਦੇ ਪੁੱਗਰੇ (ਝੋਲੇ ਭਰ) ਲਿਆਈ।
ਮਾਂ ਨੇ ਕਿਹਾ, ‘ਤੂੰ ਤਾਂ ਇੱਕ ਧੇਲੇ ਲਈ ਇੱਕ ਬੰਦਾ ਮਾਰਿਆ ਹੈ, ਪਰ ਇਸ ਮੱਛੀ ਮਾਰ ਨੇ ਇੱਕ ਧੇਲੇ ਲਈ ਕਿੰਨੀਆਂ ਜਾਨਾਂ ਲਈਆਂ ਨੇ!’
ਮਾਂ ਪਾਸੋਂ ਇਹ ਸੁਣ ਕੇ ਮੈਂ ਇਰਾਦਾ ਪੱਕਾ ਕਰ ਲਿਆ ਕਿ ਜਿਸ ਬੰਦੇ ਨੂੰ ਅੱਖੀਂ ਵੇਖ ਲਵਾਂਗਾ, ਉਸਨੂੰ ਕਦੇ ਜੀਉਂਦਾ ਨਹੀਂ ਛੱਡਾਂਗਾ। ਬਸ! ਉਸ ਦਿਨ ਤੋਂ ਮੇਰਾ ਰੋਜ਼ ਦਾ ਇਹੋ ਕੰਮ ਹੈ।”
ਰਿਸ਼ੀਆਂ ਨੇ ਕਿਹਾ, “ਭਾਈ! ਤੂੰ ਕਦੇ ਇਹ ਵੀ ਸੋਚਿਆ ਹੈ ਕਿ ਇਨ੍ਹਾਂ ਪਾਪਾਂ ਦਾ ਫਲ ਜ਼ਰੂਰ ਭੋਗਣਾ ਪਵੇਗਾ ਅਤੇ ਕੀਤੇ ਕਰਮਾਂ ਦਾ ਲੇਖਾ ਦੇਣਾ ਪਵੇਗਾ? ਯਮਰਾਜ ਦੇ ਦੂਤ ਆ ਕੇ ਪਕੜ ਲੈਣਗੇ ਤੇ ਪੁੱਛਣਗੇ – ਤੂੰ ਕੀ ਕਮਾਇਆ ਤੇ ਕੀ ਗਵਾਇਆ? ਉਸ ਵੇਲੇ ਤੂੰ ਕੀ ਜਵਾਬ ਦੇਵੇਂਗਾ? ਉਸ ਵੇਲੇ ਇਨ੍ਹਾਂ ਰਿਸ਼ਤੇਦਾਰਾਂ ਵਿੱਚੋਂ ਤੇਰਾ ਕੋਈ ਵੀ ਸਾਥ ਨਹੀਂ ਦੇਵੇਗਾ।”
ਇਹ ਸੁਣ ਕੇ ਬਾਲਮੀਕ ਨੇ ਕਿਹਾ, “ਮੇਰੇ ਰਿਸ਼ਤੇਦਾਰ ਕਿਉਂ ਨਹੀਂ ਹੋਣਗੇ? ਜਦ ਮੈਂ ਬੀਮਾਰ ਹੁੰਦਾ ਹਾਂ, ਉਹ ਮੇਰੇ ਲਈ ਕੁਝ ਵੀ ਕਰਨ ਨੂੰ ਤਿਆਰ ਹੁੰਦੇ ਹਨ। ਪਹਿਲਾਂ ਵੀ ਜਦ ਰਾਜੇ ਦੇ ਸਿਪਾਹੀ ਮੈਨੂੰ ਫੜ ਕੇ ਲੈ ਗਏ ਸਨ, ਉਨ੍ਹਾਂ ਨੇ ਪੈਸੇ ਦੇ ਕੇ ਮੈਨੂੰ ਛੁਡਵਾਇਆ ਸੀ। ਮੈਨੂੰ ਭਰੋਸਾ ਹੈ ਕਿ ਮੁਸੀਬਤ ਆਈ ਤਾਂ ਉਹ ਮਦਦ ਕਰਨਗੇ।”
ਸੰਤਾਂ ਨੇ ਕਿਹਾ, “ਓਏ ਭੋਲਿਆ! ਜਾ, ਜਾ ਕੇ ਪੁੱਛ ਲਾ।”
ਬਾਲਮੀਕ ਨੇ ਕਿਹਾ, “ਮੈਂ ਜਾਣਦਾ ਹਾਂ ਤੁਸੀਂ ਮੈਨੂੰ ਘਰ ਭੇਜ ਕੇ ਆਪ ਨੱਸ ਜਾਣਾ ਚਾਹੁੰਦੇ ਹੋ। ਮੈਂ ਤੁਹਾਨੂੰ ਕਦੇ ਜੀਉਂਦਾ ਨਹੀਂ ਜਾਣ ਦੇਵਾਂਗਾ।”
ਸੰਤਾਂ ਨੇ ਕਿਹਾ, “ਨਹੀਂ ਭਾਈ! ਅਸੀਂ ਭੱਜਣਾ ਨਹੀਂ ਚਾਹੁੰਦੇ। ਜੇ ਤੈਨੂੰ ਸਾਡੀ ਜ਼ਬਾਨ ‘ਤੇ ਇਤਬਾਰ ਨਾ ਹੋਵੇ, ਤਾਂ ਸਾਨੂੰ ਇਨ੍ਹਾਂ ਦਰੱਖਤਾਂ ਨਾਲ ਬੰਨ੍ਹ ਜਾਹ ਤੇ ਘਰੋਂ ਜਾ ਕੇ ਪੁੱਛ ਆ।”
ਸੰਤਾਂ ਦੇ ਇਸ ਬਚਨ ਨੂੰ ਮੰਨ ਕੇ ਬਾਲਮੀਕ ਨੇ ਉਨ੍ਹਾਂ ਨੂੰ ਦਰੱਖਤਾਂ ਨਾਲ ਬੰਨ੍ਹ ਦਿੱਤਾ ਅਤੇ ਘਰ ਜਾ ਕੇ ਮਾਂ ਕੋਲੋਂ ਪੁੱਛਣ ਲੱਗਾ, “ਅੰਮਾ! ਮੈਂ ਤੇਰੇ ਵਾਸਤੇ ਅਤੇ ਤੇਰਾ ਹੁਕਮ ਮੰਨ ਕੇ ਕਈ ਖੂਨ ਕੀਤੇ ਹਨ ਅਤੇ ਕਿੰਨੇ ਹੀ ਪਾਪ ਕੀਤੇ ਹਨ। ਜੋ ਕੁਝ ਮਿਲਿਆ ਹੈ, ਤੇਰੇ ਅੱਗੇ ਲਿਆ ਧਰਿਆ ਹੈ। ਜਦੋਂ ਮੈਨੂੰ ਉਨ੍ਹਾਂ ਦਾ ਲੇਖਾ ਦੇਣਾ ਪਏਗਾ, ਉਸ ਵੇਲੇ ਤੂੰ ਮੇਰੀ ਸਹਾਇਤਾ ਕਰੇਂਗੀ?”
ਇਸ ਦੇ ਉੱਤਰ ਵਿੱਚ ਮਾਂ ਨੇ ਕਿਹਾ, “ਵੇਖ ਬੱਚਾ! ਪਹਿਲਾਂ ਮੈਂ ਤੈਨੂੰ ਨੌਂ ਪੇਟ ਵਿੱਚ ਪਾਲਿਆ, ਤੈਨੂੰ ਪਾਲ-ਪੋਸ ਕੇ ਵੱਡਾ ਕੀਤਾ ਤੇ ਤੇਰਾ ਵਿਆਹ ਕਰਕੇ ਜਗਤ ਦਾ ਸਾਰਾ ਭਾਰ ਆਪਣੇ ਸਿਰ ਤੋਂ ਲਾਹਿਆ। ਸਿਰਫ਼ ਇਸੇ ਵਾਸਤੇ ਕਿ ਜਦ ਅਸੀਂ ਬੁੱਢੇ ਹੋਵਾਂਗੇ ਤਾਂ ਤੂੰ ਸਾਡੀ ਪਾਲਣਾ ਕਰੇਂਗਾ। ਹੁਣ ਮੈਂ ਅਤੇ ਤੇਰਾ ਪਿਉ ਅਸੀਂ ਦੋਵੇਂ ਬੁੱਢੇ ਹਾਂ। ਸੁਖ ਨਾਲ ਤੂੰ ਜਵਾਨ ਹੈਂ ਤੇ ਖੱਟ-ਕਮਾ ਕੇ ਸਾਡੀ ਸੇਵਾ ਕਰ। ਤੇਰੇ ਪਾਪ-ਪੁੰਨ ਦੇ ਅਸੀਂ ਹਿੱਸੇਦਾਰ ਨਹੀਂ ਹਾਂ ਅਤੇ ਨਾ ਹੀ ਤੇਰੀ ਸਹਾਇਤਾ ਕਰ ਸਕਾਂਗੇ।”
ਮਾਤਾ ਪਾਸੋਂ ਇਹ ਉੱਤਰ ਸੁਣ ਕੇ ਫਿਰ ਬਾਲਮੀਕ ਆਪਣੀ ਪਤਨੀ ਕੋਲ ਗਿਆ ਤੇ ਪੁੱਛਿਆ – “ਅੰਤ ਵੇਲੇ ਤੂੰ ਮੇਰਾ ਸਾਥ ਦੇਵੇਗੀ?”
ਉਹ ਕਹਿੰਦੀ – “ਮੇਰੇ ਮਾਪਿਆਂ ਨੇ ਮੈਨੂੰ ਤੇਰੇ ਨਾਲ ਵਿਆਹਿਆ। ਤੇਰਾ ਫਰਜ਼ ਮੇਰੀ ਦੇਖਭਾਲ ਕਰਨਾ ਹੈ ਅਤੇ ਮੇਰਾ ਫਰਜ਼ ਤੇਰੀ ਸੇਵਾ ਕਰਨੀ ਹੈ, ਸੋ ਮੈਂ ਕਰ ਰਹੀ ਹਾਂ। ਪਰ ਤੇਰੇ ਪਾਪ ਜਾਂ ਪੁੰਨ ਵਿੱਚ ਮੇਰਾ ਕੋਈ ਹਿੱਸਾ ਨਹੀਂ।”
ਘਰ ਵਾਲੀ ਤੋਂ ਇਸ ਤਰ੍ਹਾਂ ਦਾ ਕੋਰਾ ਜਵਾਬ ਸੁਣ ਕੇ ਬਾਲਮੀਕ ਸਿੱਧਾ ਸੰਤਾਂ ਕੋਲ ਆਇਆ ਅਤੇ ਚਰਨਾਂ ਵਿੱਚ ਡਿੱਗ ਪਿਆ। ਉਹ ਰੋ-ਰੋ ਕੇ ਕਹਿਣ ਲੱਗਾ – “ਜਿਨ੍ਹਾਂ ਨੂੰ ਮੈਂ ਆਪਣਾ ਮੰਨਦਾ ਸੀ, ਉਹ ਮੇਰੇ ਨਹੀਂ ਹਨ। ਜਿਨ੍ਹਾਂ ਲਈ ਮੈਂ ਪਾਪ ਕੀਤੇ, ਉਹ ਅੰਤ ਵੇਲੇ ਸਾਥ ਨਹੀਂ ਦੇਣਗੇ। ਹੁਣ ਮੈਂ ਤੁਹਾਡੀ ਸ਼ਰਨ ਆਇਆ ਹਾਂ, ਮੈਨੂੰ ਸਹੀ ਰਾਹ ਦਿਖਾਓ ਅਤੇ ਮੇਰਾ ਉਧਾਰ ਕਰੋ।”
ਬਾਲਮੀਕ ਜੀ ਦਾ ਉਧਾਰ
ਬਾਲਮੀਕ ਦੀ ਹਾਲਤ ਵੇਖ ਕੇ ਬ੍ਰਹਮ ਗਿਆਨੀ ਸੰਤਾਂ ਨੇ ਉਸ ਨੂੰ ਉਸ ਦੇ ਮਨ ਦੀ ਹਾਲਤ ਅਨੁਸਾਰ ਉਸ ਲਈ “ਮਰਾ ਮਰਾ” ਦੀ ਸਿੱਖਿਆ ਦਿੱਤੀ ਤਾਂ ਜੋ ਉਹ ਆਸਾਨੀ ਨਾਲ ਰਾਮ ਨਾਮ ਦੀ ਧੁਨੀ ਤੱਕ ਪਹੁੰਚ ਸਕੇ।
ਉਨ੍ਹਾਂ ਨੇ ਕਿਹਾ:
“ਜਿੰਨਾ ਚਿਰ ਅਸੀਂ ਮੁੜ ਕੇ ਨਹੀਂ ਆਉਂਦੇ, ਉਨਾ ਚਿਰ ਇੱਥੇ ਬੈਠ ਕੇ ਇਸ ਨਾਮ ਦਾ ਜਾਪ ਕਰ।”

ਬਾਲਮੀਕ ਉੱਥੇ ਬੈਠ ਕੇ ‘ਮਰਾ ਮਰਾ’ ਜਪਦਾ ਰਿਹਾ। ਇਸ ਜਾਪ ਨਾਲ ਉਸ ਦਾ ਮਨ ਸੁਧਰ ਗਿਆ, ਜਿਵੇਂ ਗੰਦਾ ਸ਼ੀਸ਼ਾ ਚਮਕਦਾਰ ਹੋ ਜਾਵੇ। ਧੀਰੇ-ਧੀਰੇ ‘ਮਰਾ ਮਰਾ’ ਤੋਂ ‘ਰਾਮ ਰਾਮ’ ਹੋ ਗਿਆ ਅਤੇ ਉਸ ਦੀ ਆਵਾਜ਼ ਧੁਨੀ ਬਣ ਗਈ। ਸਮਾਧੀ ਵਿੱਚ ਹੀ ਕਈ ਵਰ੍ਹੇ ਲੰਘ ਗਏ।
ਕਈ ਸਾਲ ਬਾਅਦ ਮਹਾਨ ਸੰਤ (ਸੱਤੇ ਰਿਸ਼ੀ) ਉਸ ਰਾਹੋਂ ਗੁਜ਼ਰੇ। ਉਨ੍ਹਾਂ ਨੂੰ ਯਾਦ ਆਇਆ ਕਿ ਉੱਥੇ ਬਾਲਮੀਕ ਨੂੰ ਮਰਾ-ਮਰਾ ਦਾ ਉਪਦੇਸ਼ ਦਿੱਤਾ ਸੀ। ਧਿਆਨ ਨਾਲ ਵੇਖਣ ਤੋਂ ਬਾਅਦ, ਉਨ੍ਹਾਂ ਨੇ ਮਿੱਟੀ ਦੇ ਢੇਰ ਵਿੱਚੋਂ ‘ਰਾਮ ਰਾਮ’ ਦੀ ਆਵਾਜ਼ ਸੁਣੀ। ਸੰਤਾਂ ਨੇ ਹਿੰਮਤ ਕਰਕੇ ਉਸ ਨੂੰ ਮਿੱਟੀ ਦੇ ਢੇਰ ਵਿੱਚੋਂ ਬਾਹਰ ਕੱਢਿਆ। ਉਸ ਦੇ ਦਸਮ ਦੁਆਰ ਚੜ੍ਹੇ ਹੋਏ ਪ੍ਰਾਣਾਂ ਨੂੰ ਜੁਗਤੀ ਨਾਲ ਉਤਾਰਿਆ। ਜਦ ਉਸ ਨੂੰ ਆਪਣੇ ਤਨ ਦੀ ਸੁਰਤ ਆਈ ਤਾਂ ਆਪਣੇ ਸੁਧਾਰਕਾਂ ਨੂੰ ਸਾਹਮਣੇ ਖੜ੍ਹਾ ਵੇਖ ਕੇ ਚਰਨੀਂ ਡਿੱਗ ਕੇ ‘ਨਦਰੀ ਨਦਰਿ ਨਿਹਾਲ’ ਦਾ ਅਨੁਭਵ ਕੀਤਾ।
ਬ੍ਰਹਮ ਗਿਆਨ ਪ੍ਰਾਪਤ ਕਰਨ ਤੋਂ ਬਾਅਦ, ਇਹ ਮਹਾਨ ਸੰਤ ਤਮਸਾ ਨਦੀ (ਆਧੁਨਿਕ ਸਮੇਂ ਵਿੱਚ ਤਾਂਸ ਨਦੀ) ਦੇ ਕੰਢੇ ਰਹਿਣ ਲੱਗੇ।
ਇੱਕ ਦਿਨ, ਉਹ ਆਪਣੇ ਚੇਲਿਆਂ ਨੂੰ ਨਦੀ ਦੇ ਕੰਢੇ ਛੱਡ ਕੇ ਇੱਧਰ-ਉੱਧਰ ਫਿਰ ਰਹੇ ਸਨ ਕਿ ਉਸ ਵੇਲੇ ਇੱਕ ਸ਼ਿਕਾਰੀ ਨੇ ਇੱਕ ਪੰਛੀ ਨੂੰ ਮਾਰ ਦਿੱਤਾ। ਪੰਛੀ ਲਹੂ ਨਾਲ ਧਰਤੀ ‘ਤੇ ਡਿੱਗ ਪਿਆ। ਇਹ ਵੇਖ ਕੇ ਬਾਲਮੀਕ ਦੇ ਮੂੰਹੋਂ ਕੁਦਰਤੀ ਤੌਰ ‘ਤੇ ਇੱਕ ਛੰਦ ਨਿਕਲਿਆ।
ਉਸ ਛੰਦ ਦੀ ਸੁੰਦਰਤਾ ਦੇ ਕਾਰਨ, ਉਨ੍ਹਾਂ ਨੇ ਸਾਰੀ ਰਮਾਇਣ ਇਸੇ ਛੰਦ ਵਿੱਚ ਉਚਾਰਨ ਕੀਤੀ। ਇਸੀ ਲਈ ਬਾਲਮੀਕ ਜੀ ਨੂੰ ‘ਆਦਿ ਕਵੀ’ ਕਿਹਾ ਜਾਂਦਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੌਵੀ ਅਵਤਾਰਾਂ ਦੀ ਕਥਾ ਵਿੱਚ ਬਾਲਮੀਕ ਜੀ ਨੂੰ ਬ੍ਰਹਮਾ ਦੇ ਪਹਿਲੇ ਉਪ ਅਵਤਾਰ ਵਜੋਂ ਦਰਜ ਕੀਤਾ।