ਇਕ ਫ਼ਕੀਰ ਬੈਠਾ ਹੈ ਰਸਤੇ ਵਿਚ ਬਹੁਤ ਮਸਤ। ਸ਼ਹਿਨਸ਼ਾਹ ਰਥ ‘ਤੇ ਰੋਜ਼ ਲੰਘਦਾ ਹੈ। ਇਸ ਦੇ ਮਨ ਵਿਚ ਖ਼ਿਆਲ ਆਇਆ ਕਿ ਇਹ ਮੇਰੇ ਮਹਿਲਾਂ ਵਿਚ ਚਲੇ, ਇਕ ਦੋ ਦਿਨ ਮਹਿਮਾਨ-ਨਿਵਾਜ਼ੀ ਦਾ ਸਮਾਂ ਦੇਵੇ, ਮੇਰੀ ਦਾਅਵਤ ਕਬੂਲੇ। ਪਰ ਜੁਰਅਤ ਨਹੀਂ ਪੈਂਦੀ ਕਹਿਣ ਦੀ, ਲੰਘ ਜਾਂਦਾ ਹੈ। ਆਂਵਦਿਆਂ ਜਾਂਵਦਿਆਂ ਇਸ ਦੀ ਨਜ਼ਰ ਫ਼ਕੀਰ ‘ਤੇ ਪੈਂਦੀ ਹੈ। ਇਹ ਉਸ ਦੀ ਇਕਾਗਰਤਾ ਵੇਖਦਾ ਹੈ, ਉਸ ਦੀ ਮਸਤੀ, ਉਸ ਦੀ ਬੇਪਰਵਾਹੀ ਦੇਖਦਾ ਹੈ। ਤੇ ਬਾਰ ਬਾਰ ਖ਼ਿਆਲ ਆਂਦਾ ਹੈ ਕਿ ਆਖਾਂ ਕਿ ਨਾ ਆਖਾਂ। ਇਕ ਦਿਨ ਇਸ ਨੇ ਆਪਣਾ ਖ਼ਿਆਲ ਪੁਖ਼ਤਾ ਕੀਤਾ, ਰਥ ਰੁਕਵਾਇਆ ਤੇ ਉਤਰ ਕੇ ਕਹਿਣ ਲਗਾ ਕਿ ਮਹਾਤਮਾ ਜੀ! ਜੇ ਹੋ ਸਕੇ ਤਾਂ ਸਾਡੇ ਘਰ ਚਰਨ ਪਾਉ ਤੇ ਉਥੇ ਰਹਿਣਾ ਕਬੂਲ ਕਰੋ। ਸਾਧੂ ਇਕ-ਦਮ ਖੜਾ ਹੋ ਗਿਆ। ਕਹਿੰਦਾ, ਚਲੋ। ਕਹਿੰਦੇ, ਇਥੇ ਸ਼ਹਿਨਸ਼ਾਹ ਦੇ ਮਨ ਨੂੰ ਸੱਟ ਬੜੀ ਲੱਗੀ । ਬਈ ਆਖਿਆ ਤੇ ਇਹ ਚਲ ਪਿਆ, ਸੰਤ ਤੇ ਉਹ ਹੁੰਦਾ ਹੈ ਕਿ ਦਸ ਪੰਦਰਾਂ ਬਾਰ ਆਖਿਆ ਜਾਵੇ ਤੇ ਨਾਂਹ-ਨੂੰਹ ਕਰੇ, ਜਾ ਕੇ ਫੇਰ ਕਿਧਰੇ ਗੱਲ ਬਣਦੀ ਹੈ । ਸਾਦਾ ਤਬੀਅਤ ਬੰਦਾ ਬਹੁਤੇ ਨਖ਼ਰੇ ਨਹੀਂ ਕਰਿਆ ਕਰਦਾ। ਅਜੋਕੇ ਸੰਤਾਂ ਪਾਸ ਸਿਵਾਏ ਨਾਜ਼ੋ-ਨਖ਼ਰਿਆਂ ਦੇ ਹੋਰ ਕੱਖ ਵੀ ਨਹੀਂ। ਉਹ ਬੜੀ ਸਾਦੀ ਤਬੀਅਤ ਦਾ ਬੰਦਾ ਕਹਿੰਦੈ, ਚਲੋ। ਗੱਲ ਐਸੀ ਹੋਈ ਕਿ ਉਸ ਬਾਦਸ਼ਾਹ ਨੇ ਅੱਧੀ ਦਾਅਵਤ ਤਾਂ ਅੰਦਰੋਂ ਹੀ ਅੰਦਰ ਵਾਪਸ ਲੈ ਲਈ, ਇਸ ਨੂੰ ਘਰ ਕੀ ਲਿਜਾਣਾ ਹੈ, ਇਕੋ ਹੀ ਦਫ਼ਾ ਆਖਿਆ ਹੈ ਤੇ ਇਹ ਰਾਜੀ ਹੋ ਗਿਆ, ਕਮ ਸੇ ਕਮ ਮਿੰਨਤਾਂ ਆਦਿ ਤੇ ਕਰਾਂਦਾ, ‘ਨਾਂਹ’ ਕਰਦਾ, ਮੈਂ ‘ਹਾਂ’ ਕਰਦਾ। ‘ਨਾਂਹ’ ਕਹਿ ਕੇ ‘ਹਾਂ’ ਕਰਨਾ ਕਿਤਨਾ ਵੱਡਾ ਝੂਠ ਹੈ ?
ਇਹ ਝੂਠ ਅਕਸਰ ਬੋਲਿਆ ਜਾਂਦਾ ਹੈ। ਬਈ ਜਿਸ ਨੂੰ ਤੂੰ ਹਾਂ ਕਰਨੀ ਹੈ ਤੇ ਕਿਉਂ ਨਾਂਹ ਕਰਦਾ ਹੈ। ਤੇ ਜੇ ਨਾਂਹ ਕਰ ਕੇ ਹਾਂ ਕਰਨੀ ਪਏ. ਇਹ ਤੇ ਇੰਝ ਹੈ ਕਿ ਥੁਕਿਆ ਹੋਇਆ ਫਿਰ ਮੂੰਹ ਵਿਚ ਪਾਣਾ ਹੈ।
ਉਹਨੇ ਆਪਣਾ ਖੱਪਰ ਚੁਕ ਲਿਆ, ਝੋਲੀ ਚੁਕ ਲਈ। ਪਰ ਬਾਦਸ਼ਾਹ ਹੈਰਾਨ। ਕਹਿ ਜੋ ਬੈਠਾ ਸੀ, ਤੇ ਕਹੀ ਹੋਈ ਗੱਲ ਵਾਪਸ ਲੈਣੀ ਔਖੀ ਹੋ ਗਈ। ਬਿਠਾ ਲਿਆ ਨਾਲ ਰੱਥ ‘ਤੇ। ਪਰ ਅੰਦਰੋਂ ਮਨ ਇਨਕਾਰੀ ਹੋ ਗਿਆ ਕਿ ਕਿਸ ਬੰਦੇ ਨੂੰ ਲੈ ਜਾ ਰਿਹਾ ਹਾਂ। ਅੱਜ ਤਕ ਸੋਚਦਾ ਸੀ ਕਿ ਤਪੱਸਵੀ ਹੈ, ਸਾਧੂ ਹੈ ਤੇ ਅੱਜ ਪਤਾ ਲਗਿਆ ਹੈ ਕਿ ਇਹ ਤੇ ਬੈਠਾ ਹੀ ਇਸ ਤਾਕ ਵਿਚ ਸੀ ਕਿ ਕਦੋਂ ਬਾਦਸ਼ਾਹ ਆਖੇ ਤੇ ਮੈਂ ਨਾਲ ਉਠ ਕੇ ਚਲ ਪਵਾਂ। ਹੋਰ ਇਸ ਵਿਚ ਕੋਈ ਗੱਲ ਨਹੀਂ। ਚਲਾ ਗਿਆ, ਸ਼ਹਿਨਸ਼ਾਹ ਨੇ ਮਹਿਮਾਨਖ਼ਾਨੇ ਵਿਚ ਉਸ ਨੂੰ ਰਖਿਆ। ਸਵੇਰ ਉਠਦੇ ਸਾਰ ਅੱਜ ਸ਼ਹਿਨਸ਼ਾਹ ਨੇ ਉਸ ਨੂੰ ਮੱਥਾ ਨਹੀਂ ਟੇਕਿਆ। ਸਤਿਕਾਰ ਨਾਲ ਪੇਸ਼ ਨਹੀਂ ਆਇਆ ਤੇ ਫ਼ਕੀਰ ਵੀ ਸਮਝ ਗਿਆ।
ਬਾਦਸ਼ਾਹ ਕਹਿੰਦਾ, ਫ਼ਕੀਰ ਜੀ, ਹੁਣ ਤੇ ਅਸੀਂ ਇਕ ਹੋ ਗਏ ਹਾਂ। ਬਰਾਬਰ ਹੋ ਗਏ ਹਾਂ, ਵੇਖੋ ਰਾਤ ਜਿਹੜੇ ਪਲੰਘ ‘ਤੇ ਮੈਂ ਸੌਂਦਾ ਹਾਂ, ਉਹੋ ਜਿਹੇ ਪਲੰਘ ‘ਤੇ ਤੁਸੀਂ ਵੀ ਸੁੱਤੇ ਹੋ। ਜਿਹੜਾ ਖਾਣਾ ਮੈਂ ਖਾਂਦਾ ਹਾਂ ਉਹ ਤੂੰ ਖਾਧਾ ਅਤੇ ਜਿਹੜੇ ਬਸਤਰ ਮੈਂ ਪਹਿਨੇ ਨੇ ਉਹੀ ਤੂੰ ਪਹਿਨੇ। ਤੇਰੀ ਮੇਰੀ ਬਰਾਬਰੀ ਹੋ ਗਈ, ਤੇ ਬਰਾਬਰੀ ਵਿਚ ਝੁਕਣਾ ਨਹੀਂ ਹੁੰਦਾ । ਝੁਕਣ ਵਾਸਤੇ ਕੋਈ ਉਚਾ ਤੇ ਕੋਈ ਨੀਵਾਂ ਚਾਹੀਦਾ ਹੈ। ਤੇਰੀ ਮੇਰੀ ਬਰਾਬਰੀ ਹੈ।
ਮਹਾਤਮਾ ਕਹਿੰਦਾ ਕਿ ਬਾਹਰੋਂ ਤਾਂ ਆਪਾਂ ਬਰਾਬਰ ਹੋ ਗਏ ਹਾਂ, ਅੰਦਰੋਂ ਕੋਈ ਨਹੀਂ। ਮੇਰੀ ਮੰਜ਼ਿਲ ਕੋਈ ਹੋਰ ਹੈ ਤੇਰੀ ਕੁਛ ਹੋਰ। ਮੈਂ ਅੱਜ ਵੀ ਅਹਮ ਹਾਂ, ਤੂੰ ਅੱਜ ਵੀ ਤਿਨਕੇ ਦੀ ਤਰ੍ਹਾਂ ਹੈਂ। ਬਾਦਸ਼ਾਹ ਕਹਿੰਦਾ, ਕਿਵੇਂ ? ਫ਼ਕੀਰ ਕਹਿੰਦਾ, ਬਾਹਰ ਚਲ, ਇਥੇ ਨਹੀਂ, ਬਾਹਰ ਸਮਝਾਵਾਂਗਾ ਤੈਨੂੰ ਕੱਲੇ ਨੂੰ। ਕਹਿੰਦੇ ਇਕ ਫ਼ਰਲਾਂਗ ਦੀ ਦੂਰੀ ‘ਤੇ ਗਏ, ਹੱਥ ਬੰਨ੍ਹ ਕੇ ਕਹਿਣ ਲੱਗਾ, ਦੱਸੋ ਮਹਾਤਮਾ ਜੀ ਤੁਹਾਡੇ ਮੇਰੇ ‘ਚ ਕੀ ਫ਼ਰਕ ਹੈ ? ਅੱਗੇ ਦੱਸਾਂਗਾ, ਹੋਰ ਅੱਗੇ ਚੱਲ। ਇਕ ਮੀਲ ‘ਤੇ ਚਲੇ ਗਏ ਤਾਂ ਰਾਜਾ ਕਹਿੰਦਾ, ਦੱਸੋ ਤੁਹਾਡੇ ਤੇ ਮੇਰੇ ’ਚ ਕੀ ਫ਼ਰਕ ਹੈ, ਇੰਨੀ ਨਿਕੀ ਜਿਹੀ ਗੱਲ ਲਈ ਤੁਸੀਂ ਮੈਥੋਂ ਇਤਨਾ ਪੈਂਡਾ ਕਰਵਾ ਲਿਆ ਹੈ। ਮਹਾਤਮਾ ਕਹਿੰਦੇ, ਹੋਰ ਅੱਗੇ ਚੱਲ। ਬਾਦਸ਼ਾਹ ਨੂੰ ਬੁਰਾ ਲੱਗਾ ਕਿ ਬਈ ਕਿਹੋ ਜਿਹੇ ਗ਼ਲਤ ਬੰਦੇ ਦੇ ਨਾਲ ਚੱਲ ਪਿਆ ਹਾਂ। ਹੋਰ ਅਗੇ ਚੱਲ ਪਿਆ। ਰਾਜਾ ਕਹਿੰਦਾ, ਦੱਸੋ, ਮੇਰੇ ਰਾਜ ਭਾਗ ਦੀ ਹੱਦ ਆ ਗਈ ਹੈ, ਅਗੇ ਤਾਂ ਹੱਦ ਹੀ ਦੂਜੇ ਦੀ ਸ਼ੁਰੂ ਹੁੰਦੀ ਹੈ, ਦੱਸੋ ਕੀ ਫ਼ਰਕ ਹੈ ? ਮਹਾਤਮਾ ਕਹਿੰਦਾ, ਬਸ ਇਹੀ
ਫ਼ਰਕ ਹੈ, ਤੇਰੀ ਸਰਹਦ ਇਥੇ ਮੁਕਦੀ ਹੈ ਤੇ ਤੇਰਾ ਰਾਜ ਪਾਟ ਇਥੇ ਖ਼ਤਮ ਹੈ।ਮੇਰਾ ਸ਼ੁਰੂ ਹੁੰਦਾ ਹੈ। ਤੇਰੇ ਮਹਿਲ, ਤੇਰੇ ਬਾਲ ਬੱਚੇ, ਤੇਰੀ ਦੁਨੀਆ ਪਿਛੇ ਹੈ।ਮੇਰੀ ਦੁਨੀਆ ਅੱਗੇ ਹੈ, ਤੇ ਹਰ ਵਕਤ ਮੈਂ ਸੁਰਤ ਅਗੇ ਰੱਖਦਾ ਹਾਂ, ਮੇਰੀ ਮੰਜ਼ਿਲ ਅੱਗੇ ਹੈ, ਤੂੰ ਮੰਦਿਰ ਵਿਚ ਜਾ ਕੇ ਵੀ ਸੁਰਤ ਪਿੱਛੇ ਮਹਿਲ ‘ਚ ਰੱਖਦਾ ਹੈਂ, ਮੈਂ ਜੰਗਲ ‘ਚ ਬਹਿ ਕੇ ਵੀ ਸੁਰਤ ਅਗੇ ਰੱਖਦਾ ਹਾਂ, ਬਸ ਇਹੀ ਫ਼ਰਕ ਹੈ।
ਮਨੁੱਖ ਦੀ ਪਹਿਚਾਨ ਹੀ ਏਥੇ ਹੁੰਦੀ ਹੈ ਕਿ ਉਹ ਜਾ ਕਿਧਰ ਨੂੰ ਰਿਹਾ ਹੈ? ਉਸ ਦੀ ਮੰਜ਼ਿਲ ਕੀ ਹੈ ? ਜੇ ਮੰਜ਼ਿਲ ਕਿਧਰੇ ਪਿਛੇ ਪਈ ਹੈ ਤਾਂ ਉਹ ਬੰਦਾ ਪਛੜਿਆ ਹੋਇਆ ਹੈ ਤੇ ਅਗਲੀ ਜੂਨ ਸ਼ਾਇਦ ਇਸ ਨੂੰ ਪਛੜੀ ਹੋਈ ਮਿਲੇ। ਕਿਉਕਿ ਇਸ ਦਾ ਮਕਸਦ ਹੀ ਪਛੜਿਆ ਹੋਇਆ ਹੈ ਤੇ ਪਛੜੀ ਹੋਈ ਜੂਨ ਮਿਲੇਗੀ, ਜੇ ਬੰਦੇ ਦਾ ਮਕਸਦ ਬੱਚਿਆਂ ਦੀ ਪਾਲਨਾ ਦਾ ਹੀ ਹੈ ਤਾਂ ਇਹ ਤੇ ਪਸ਼ੂ ਪੰਛੀ ਵੀ ਕਰਦੇ ਨੇ, ਤੇ ਐਸੇ ਮਨੁੱਖ ਦੀ ਮੰਜ਼ਿਲ ਅਗੇ ਨਹੀਂ ਹੋ ਸਕਦੀ।
ਤੇ ਜਿਸ ਦਾ ਜੀਵਨ ਦਾ ਲਕਸ਼ ਹੋਵੇ ਹੀ ਅਗੇ, ਤੇ ਹਮੇਸ਼ਾ ਲਕਸ਼ ਅਗੇ ਹੀ ਹੈ, ਧਰਮ ਨੂੰ ਲਕਸ਼ ਦੀ ਤਰ੍ਹਾਂ ਅਗੇ ਰੱਖਣਾ ਹੈ, ਧਰਮ ਨੂੰ ਮੰਜ਼ਿਲੇ-ਮਕਸੂਦ ਬਣਾਓ, ਸੰਸਾਰ ਨੂੰ ਸਾਧਨ ਬਣਾ ਲਓ। ਨਿਰੰਕਾਰ ਨੂੰ ਮੰਜ਼ਿਲੇ-ਮਕਸੂਦ ਬਣਾ ਲਓ, ਫਿਰ ਜ਼ਿੰਦਗੀ ਸਫਲ ਹੋ ਜਾਏਗੀ।
ਅੱਜ ਪੜ੍ਹਨਾ ਕਿ ਜੀਵਨ ਦਾ ਮਕਸਦ ਕੀ ਹੈ ? ਤੇ ਜੇ ਜੀਵਨ ਦਾ ਮਕਸਦ ਕੁਛ ਧਨ ਕਮਾਣਾ ਹੀ ਹੈ ਤੇ ਫਿਰ ਉਸ ਜ਼ਿੰਦਗੀ ਦੀ ਨੀਂਹ ਕੁਛ ਧਨ ਹੀ ਹੈ, ਇਸ ਤੋਂ ਇਲਾਵਾ ਕੁਛ ਨਹੀਂ। ਤੇ ਜੀਵਨ ਦਾ ਮਕਸਦ ਪਰਮਾਤਮਾ ਦੀ ਪ੍ਰਾਪਤੀ ਹੈ ਤੋ ਜੈਸੇ ਪਰਮਾਤਮਾ ਅਮੁੱਲ ਹੈ ਤੋਂ ਉਹ ਬੰਦਾ ਹੀ ਅਮੁੱਲ ਹੈ, ਜਿਸ ਨੇ ਜ਼ਿੰਦਗੀ ਦਾ ਨਿਸ਼ਾਨਾ ਪਰਮਾਤਮਾ ਨੂੰ ਬਣਾਇਆ ਹੈ। ਸਾਹਿਬਾਂ ਨੇ ਸਾਫ਼ ਕਿਹਾ ਹੈ:
ਅਮੁਲ ਗੁਣ ਅਮੁਲ ਵਾਪਾਰ ॥ ਅਮੁਲ ਵਾਪਾਰੀਏ ਅਮੁਲ ਭੰਡਾਰ ॥੨੬॥
ਪਰਮਾਤਮਾ ਦੇ ਗੁਣ ਅਮੁੱਲ ਨੇ, ਪਰ ਇਹਨਾਂ ਗੁਣਾਂ ਦਾ ਜੋ ਵਪਾਰੀ ਵਪਾਰ ਕਰਦੇ ਨੇ, ਉਹ ਵੀ ਅਮੁੱਲ ਹੀ ਹਨ।
In the pursuit of understanding human identity, one must reflect on the individual's destination. What truly defines a person's journey is their ultimate goal. If life's aim is merely the accumulation of wealth, then existence is reduced to a foundation of materialism, lacking depth and purpose. However, if one aspires for the divine, recognizing that the essence of life lies in the pursuit of the Supreme Being, then such a life is invaluable and meaningful.