ਭਗਤ ਸਧਨਾ ਜੀ: ਮਨ ਦਾ ਕਤਲ (Part 1)

ਭਗਤ ਸਧਨਾ ਜੀ, ਜੋ ਕਿ ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿੱਚ ਇੱਕ ਕਸਾਈ ਪਰਿਵਾਰ ਵਿੱਚ ਜਨਮੇ। ਪੇਸ਼ੇ ਤੋਂ ਆਪ ਕਸਾਈ ਸਨ ਰੋਜ਼ ਬੱਕਰੇ ਵੱਡ ਕੇ ਉਹਨਾਂ ਦਾ ਮਾਸ ਵੇਚਣਾ ਨਿਤ ਦਾ ਧੰਦਾ ਸੀ। ਇੰਨੀ ਕਠੋਰ ਕਿਰਤ ਨੇ ਕੀਰਤੀ ਕਰਨ ਤੇ ਕਿਵੇਂ ਮਜਬੂਰ ਕੀਤਾ ਇਤਨੇ ਕਠੋਰ ਪੇਸ਼ੇ ਨੇ ਇੱਕ ਐਸਾ ਕੋਮਲ ਦਿਲ ਕਿਵੇਂ ਪੈਦਾ ਕੀਤਾ ਇਹਦਾ ਇੱਕ ਪਿਛੋਕੜ ਹੈ ਕਹਿੰਦੇ ਨੇ ਰਾਤ ਦੇ ਵਕਤ ਬਾਦਸ਼ਾਹ ਦੇ ਸਿਪਾਹੀ ਆਏ ਤੇ ਉਹਨਾਂ ਨੇ ਬਹੁਤ ਥੋੜ੍ਹੇ ਮਾਸ ਦੀ ਮੰਗ ਕੀਤੀ—ਸਿਰਫ਼ ਇੱਕ-ਦੋ ਸੇਰ। ਰਾਤ ਦਾ ਵੇਲਾ ਸੀ ਅਤੇ ਸਦਨਾ ਜੀ ਕੋਲ ਮਾਸ ਖ਼ਤਮ ਹੋ ਚੁੱਕਾ ਸੀ। ਉਹਨਾਂ ਸੋਚਿਆ ਕਿ ਜੇ ਮੈਂ ਹੁਣ ਪੂਰਾ ਬੱਕਰਾ ਵੱਢ ਦਿੱਤਾ, ਤਾਂ ਥੋੜ੍ਹਾ ਜਿਹਾ ਮਾਸ ਤਾਂ ਵਿਕ ਜਾਵੇਗਾ ਪਰ ਬਾਕੀ ਦਾ ਸਾਰਾ ਮਾਸ ਸਵੇਰ ਤੱਕ ਖ਼ਰਾਬ ਹੋ ਜਾਵੇਗਾ। ਆਪਣੇ ਨੁਕਸਾਨ ਤੋਂ ਬਚਣ ਲਈ ਉਹਨਾਂ ਦੇ ਮਨ ਵਿੱਚ ਇੱਕ ਖ਼ਿਆਲ ਆਇਆ ਕਿ ਕਿਉਂ ਨਾ ਸਿਰਫ਼ ਬੱਕਰੇ ਦੀ ਇੱਕ ਲੱਤ ਵੱਢ ਕੇ ਸਿਪਾਹੀਆਂ ਨੂੰ ਦੇ ਦਿੱਤੀ ਜਾਵੇ ਅਤੇ ਬਾਕੀ ਬੱਕਰੇ ਨੂੰ ਸਵੇਰੇ ਜਬਾਹ ਕੀਤਾ ਜਾਵੇ।

ਜਿਵੇਂ ਹੀ ਸਧਨਾ ਜੀ ਨੇ ਬੱਕਰੇ ਦੀ ਲੱਤ ਵੱਢਣ ਲਈ ਛੁਰਾ ਚੁੱਕਿਆ, ਤਾਂ ਕਹਿੰਦੇ ਹਨ ਕਿ ਉਸ ਬੱਕਰੇ ਨੂੰ ਜ਼ਬਾਨ ਮਿਲ ਗਈ। ਬੱਕਰਾ ਹੱਸਿਆ ਅਤੇ ਕਹਿਣ ਲੱਗਾ:

“ਹੇ ਸਧਨਾ, ਪਿਛਲੇ ਕਈ ਜਨਮਾਂ ਤੋਂ ਅਸੀਂ ਇੱਕ-ਦੂਜੇ ਨੂੰ ਵੱਢ ਰਹੇ ਹਾਂ। ਕਦੇ ਤੂੰ ਬੱਕਰਾ ਤੇ ਮੈਂ ਕਸਾਈ, ਕਦੇ ਮੈਂ ਬੱਕਰਾ ਤੇ ਤੂੰ ਕਸਾਈ। ਪਰ ਅੱਜ ਤੂੰ ਇੱਕ ਨਵੀਂ ਰੀਤ ਤੋਰਨ ਲੱਗਾ ਹੈਂ। ਅੱਜ ਤੱਕ ਤੂੰ ਮੈਨੂੰ ਸਿੱਧਾ ਹਲਾਲ ਕਰਦਾ ਸੀ, ਪਰ ਅੱਜ ਆਪਣੇ ਮਾਮੂਲੀ ਫ਼ਾਇਦੇ ਲਈ ਤੂੰ ਮੈਨੂੰ ਸਾਰੀ ਰਾਤ ਤੜਫਣ ਲਈ ਛੱਡ ਦੇਵੇਂਗਾ। ਯਾਦ ਰੱਖੀਂ, ਅਗਲੇ ਜਨਮ ਵਿੱਚ ਜਦੋਂ ਮੈਂ ਕਸਾਈ ਬਣਾਂਗਾ ਅਤੇ ਤੂੰ ਬੱਕਰਾ, ਤਾਂ ਮੈਨੂੰ ਵੀ ਤੇਰੀ ਲੱਤ ਵੱਢ ਕੇ ਤੈਨੂੰ ਇੰਝ ਹੀ ਤੜਫਾਉਣਾ ਪਵੇਗਾ। ਮੈਂ ਤੇਰੀ ਇਸੇ ਮੂਰਖਤਾ ‘ਤੇ ਹੱਸ ਰਿਹਾ ਹਾਂ।”

ਇਹ ਸੁਣ ਕੇ ਸਧਨਾ ਜੀ ਦੇ ਮਨ ਨੂੰ ਡੂੰਘੀ ਚੋਟ ਲੱਗੀ। ਉਹਨਾਂ ਨੂੰ ਅਹਿਸਾਸ ਹੋਇਆ ਕਿ ਕਰਮਾਂ ਦਾ ਚੱਕਰ ਬਹੁਤ ਭਿਆਨਕ ਹੈ। ਉਸੇ ਪਲ ਉਹਨਾਂ ਦੇ ਅੰਦਰਲਾ ਕਠੋਰ ਕਸਾਈ ਮਰ ਗਿਆ ਅਤੇ ਇੱਕ ਕੋਮਲ ਚਿੱਤ ਭਗਤ ਦਾ ਜਨਮ ਹੋਇਆ। ਉਹਨਾਂ ਨੇ ਛੁਰਾ ਸੁੱਟ ਦਿੱਤਾ ਅਤੇ ਬਾਹਰ ਆਕੇ ਸਿਪਾਹੀਆਂ ਨੂੰ ਕਿਹਾ, “ਭਾਈ ਜਾਨ, ਮੈਂ ਇਸ ਬੱਕਰੇ ਨੂੰ ਨਹੀਂ ਵੱਢ ਸਕਦਾ।

ਉਹਨਾਂ ਨੇ ਹੈਰਾਨ ਹੋ ਕੇ ਪੁੱਛਿਆ, “ਪਰ ਸਧਨਾ ਜੀ, ਫਿਰ ਬਾਦਸ਼ਾਹ ਨੂੰ ਕੀ ਜਵਾਬ ਦਵਾਂਗਾ?”

ਸਧਨਾ ਜੀ ਨੇ ਦ੍ਰਿੜਤਾ ਨਾਲ ਕਿਹਾ, “ਬਾਦਸ਼ਾਹ ਨੂੰ ਆਖ ਦਿਓ ਕਿ ਸਦਨਾ ਹੁਣ ਕਸਾਈ ਨਹੀਂ ਰਿਹਾ। ਮੈਂ ਕਈ ਜਨਮਾਂ ਤੋਂ ਪਾਪ ਕਮਾਉਂਦਾ ਆ ਰਿਹਾ ਹਾਂ, ਪਰ ਹੁਣ ਮੈਂ ਬੱਕਰੇ ਨਹੀਂ, ਸਗੋਂ ਆਪਣੇ ਮਾੜੇ ਕਰਮਾਂ ਨੂੰ ਵੱਢਾਂਗਾ।

ਜੋ ਮਨੁੱਖ ਆਪਣੇ ਅੰਦਰਲੇ ਵਿਕਾਰਾਂ ਨੂੰ ਮਾਰਨ ਵਿੱਚ ਅਸਮਰਥ ਰਹਿ ਜਾਂਦਾ ਹੈ, ਉਹ ਕੁਦਰਤੀ ਤੌਰ ‘ਤੇ ਬਾਹਰ ਕਤਲੋ-ਗਾਰਤ ਅਤੇ ਮਾਰ-ਕੁਟਾਈ ਵੱਲ ਵਧਦਾ ਹੈ। ਸੰਸਾਰ ਵਿੱਚ ਜੋ ਵੀ ਜ਼ੁਲਮ ਜਾਂ ਦੁਸ਼ਟਪੁਣਾ ਦਿਖਾਈ ਦਿੰਦਾ ਹੈ, ਉਹ ਅਸਲ ਵਿੱਚ ਉਸ ਮਨ ਦੀ ਉਪਜ ਹੈ ਜਿਸਨੇ ਆਪਣੇ ਅੰਦਰਲੇ ‘ਲੋਭ’ ਅਤੇ ‘ਹੰਕਾਰ’ ਨੂੰ ਨਹੀਂ ਮਾਰਿਆ। ਜੋ ਆਪਣੇ ਮਨ ਨੂੰ ਨਹੀਂ ਮਾਰ ਸਕੇ, ਉਹ ਦੁਨੀਆਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ।

ਆਪਣੇ ਆਪ ਨੂੰ ਜ਼ਬਾਹ ਕਰਨ ਲਈ ਕੋਈ ਸਾਧਾਰਨ ਛੁਰਾ ਨਹੀਂ ਚਾਹੀਦਾ। ਜਗਤ ਗੁਰੂ ਨਾਨਕ ਦੇਵ ਜੀ ਨੇ ਇਸ ਲਈ ਇੱਕ ਵਿਸ਼ੇਸ਼ ਸ਼ਸਤਰ ਦਾ ਜ਼ਿਕਰ ਕੀਤਾ ਹੈ:

ਸਚ ਕੀ ਕਾਤੀ ਸਚੁ ਸਭੁ ਸਾਰੁ ॥ ਘਾੜਤ ਤਿਸ ਕੀ ਅਪਰ ਅਪਾਰ ॥

ਇਸਦਾ ਅਰਥ ਹੈ ਕਿ ਛੁਰੀ ‘ਸੱਚ’ ਦੀ ਹੋਵੇ ਅਤੇ ਉਸ ਵਿੱਚ ਵਰਤਿਆ ਗਿਆ ਲੋਹਾ (ਸਾਰ) ਵੀ ਪੂਰੀ ਤਰ੍ਹਾਂ ਸੱਚ ਦਾ ਹੋਵੇ। ਇਸਦੀ ਘਾੜਤ ਅਕਾਲ ਪੁਰਖ ਦੀ ਟਕਸਾਲ ਵਿੱਚ ਹੋਈ ਹੋਵੇ। ਜਦੋਂ ਅਜਿਹਾ ‘ਸੱਚ ਦਾ ਸ਼ਸਤਰ’ ਇਨਸਾਨ ਆਪਣੇ ਵਿਕਾਰਾਂ ਨਾਲ ਭਰੇ ਮਨ ‘ਤੇ ਚਲਾਉਂਦਾ ਹੈ, ਤਾਂ ਨਤੀਜਾ ਬਹੁਤ ਅਦਭੁਤ ਨਿਕਲਦਾ ਹੈ।

ਤਿਸ ਕਾ ਕੁਠਾ ਹੋਵੈ ਸੇਖ ॥ ਲਹੂ ਲਭੁ ਨਿਕਥਾ ਵੇਖ ॥

ਜੇਕਰ ਕੋਈ ਸ਼ੇਖ (ਜਾਂ ਮਨੁੱਖ) ਸੱਚ ਦੀ ਇਸ ਛੁਰੀ ਨਾਲ ਆਪਣੇ ਮਨ ਨੂੰ ਕੋਹੇ (ਜ਼ਬਾਹ ਕਰੇ), ਤਾਂ ਉਸਦੇ ਅੰਦਰੋਂ ਲਹੂ ਨਿਕਲੇਗਾ, ਪਰ ਉਹ ਲਹੂ ਲਾਲ ਰੰਗ ਦਾ ਨਹੀਂ, ਸਗੋਂ ਲੋਭ, ਵੈਰ, ਵਿਰੋਧ ਅਤੇ ਦੁਸ਼ਟਪੁਣੇ ਦਾ ਗੰਦਾ ਲਹੂ ਹੋਵੇਗਾ। ਜਦੋਂ ਇਹ ਵਿਕਾਰ ਨਿਕਲ ਜਾਂਦੇ ਹਨ, ਤਾਂ ਮਨ ਪਵਿੱਤਰ ਹੋ ਜਾਂਦਾ ਹੈ।

ਭਗਤ ਸਧਨਾ ਜੀ ਨੇ ਵੀ ਇਹੀ ਕੀਤਾ। ਜਿਸ ਦਿਨ ਉਹਨਾਂ ਨੇ ਬਾਹਰੀ ਬੱਕਰੇ ਵੱਢਣੇ ਛੱਡ ਕੇ ਆਪਣੇ ਅੰਦਰਲੇ ‘ਕਸਾਈਪੁਣੇ’ ਨੂੰ ਸੱਚ ਦੀ ਛੁਰੀ ਨਾਲ ਜ਼ਬਾਹ ਕਰ ਦਿੱਤਾ, ਉਸੇ ਦਿਨ ਉਹ ‘ਸਦਨਾ ਕਸਾਈ’ ਤੋਂ ‘ਭਗਤ ਸਧਨਾ ਜੀ’ ਬਣ ਗਏ। ਉਹਨਾਂ ਦਾ ਧੰਦਾ ਨਹੀਂ ਬਦਲਿਆ, ਸਗੋਂ ਉਹਨਾਂ ਦੇ ‘ਕਤਲ’ ਕਰਨ ਦਾ ਨਿਸ਼ਾਨਾ ਬਦਲ ਗਿਆ—ਹੁਣ ਨਿਸ਼ਾਨਾ ਬਾਹਰ ਨਹੀਂ, ਅੰਦਰ ਸੀ।ਜੋ ਬਾਹਰੋਂ ਕਿਸੇ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ, ਉਹ ਦੁਸ਼ਟ, ਜ਼ਾਲਮ ਅਤੇ ਪਾਪੀ ਹੈ; ਪਰ ਜੋ ਆਪਣੇ ਮਨ ਨੂੰ, ਆਪਣੇ ਵਿਕਾਰਾਂ ਅਤੇ ਗੁਨਾਹਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ, ਉਹ ਸੰਤ ਹੈ, ਭਗਤ ਹੈ ਅਤੇ ਇੱਕ ਪੂਜਨੀਕ ਆਤਮਾ ਹੈ।

ਮਨ ਦੇ ਵਿਕਾਰਾਂ ਨੂੰ ਮਾਰਨਾ ਤਾਂ ਸਧਨਾ ਜੀ ਨੇ ਸਿੱਖ ਲਿਆ ਸੀ, ਪਰ ਪਿਛਲੇ ਕੀਤੇ ਕਰਮਾਂ ਦਾ ਹਿਸਾਬ ਅਜੇ ਬਾਕੀ ਸੀ। ਕਿਹਾ ਜਾਂਦਾ ਹੈ ਕਿ ਕਰਮ ਭੋਗੇ ਬਿਨਾਂ ਨਾਸ ਨਹੀਂ ਹੁੰਦਾ, ਉਸ ਦਾ ਫਲ ਝੋਲੀ ਵਿੱਚ ਪੈਣਾ ਹੀ ਪੈਂਦਾ ਹੈ। ਪਰ ਸਦਨਾ ਜੀ ਦੇ ਮਨ ਵਿੱਚ ਇੱਕ ਸਵਾਲ ਸੀ— ਜੇ ਭਗਤੀ ਕਰਕੇ ਵੀ ਕਰਮਾਂ ਦੀ ਸਜ਼ਾ ਭੋਗਣੀ ਪਈ, ਤਾਂ ਹੇ ਪਰਮਾਤਮਾ! ਤੇਰੀ ਬੰਦਗੀ ਦਾ ਗੁਣ ਕੀ ਹੋਇਆ? ਕੀ ਸਦਨਾ ਜੀ ਨੂੰ ਉਹਨਾਂ ਦੀ ਛੁਰੀ ਦਾ ਹਿਸਾਬ ਦੇਣਾ ਪਿਆ ਜਾਂ ਰੱਬ ਦੀ ਰਹਿਮਤ ਨੇ ਕਰਮਾਂ ਦੀ ਲਕੀਰ ਮੇਟ ਦਿੱਤੀ?

…. ਅਗਲੇ ਭਾਗ ਵਿੱਚ।

Similar Posts

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।