ਬੇਨਤੀ ਤਥਾ ਪ੍ਰਾਰਥਨਾ ਸਦਾ ਨੀਵੇਂ ਹੋ ਕੇ ਸੇਵਕ ਦੇ ਰੂਪ ਵਿੱਚ ਅਦਬ ਸਤਿਕਾਰ ਨਾਲ ਕੀਤੀ ਜਾਂਦੀ ਹੈ।
ਹੇ ਪਰਮਾਤਮਾ ਜੀਓ! ਮੈਂ ਦਾਸ ਆਪ ਜੀ ਦੀ ਮੌਜੂਦਗੀ ਵਿੱਚ ਦੋਵੇਂ ਹੱਥ ਜੋੜ ਕੇ ਅਰਦਾਸ ਕਰਦਾ ਹਾਂ ਤੁਹਾਨੂੰ ਪ੍ਰਵਾਨ ਹੋਵੇ ਤਾਂ ਮੇਰਾ ਕਾਰਜ ਰਾਸ ਆਵੇ ਜੀ।
ਅਰਦਾਸ ਸੁਣਨ ਅਤੇ ਕਰਨ ਸਮੇਂ ਆਪਣੇ ਇਸ਼ਟ ਦੇਵ ਦੇ ਹਜੂਰ ਇਕ ਸੇਵਕ ਦੀ ਤਰ੍ਹਾਂ ਦੋਵੇਂ ਪੈਰ ਜੋੜਕੇ ਦੋਹਾਂ ਲੱਤਾਂ ਉਤੇ ਬਰਾਬਰ ਭਾਰ ਪਾ ਕੇ ਸਿੱਧਾ ਖੜਾ ਹੋਵੇ।
ਮਨ ਨੂੰ ਇਕਾਗਰ ਕਰ ਕੇ ਦੋਹਾਂ ਹੱਥਾਂ ਦੀਆਂ ਉਂਗਲੀਆਂ ਸਿਧੀਆਂ ਤੇ ਹਥੇਲੀਆਂ ਜੋੜ ਕੇ ਸਿਰ ਨੀਵਾਂ ਤੇ ਨਜ਼ਰ ਦੀਨ ਕਰਕੇ ਬੜੇ ਸਤਿਕਾਰ ਨਾਲ ਅਰਦਾਸ ਸੁਣੇ ਅਤੇ ਕਰੇ।
ਇਸ ਲੇਖ ਵਿੱਚ ਸਿੱਧੀ ਆਪਣੇ ਮਨ ਨਾਲ ਹੀ ਸਾਰੀ ਗਲ-ਬਾਤ ਕੀਤੀ, ਕਿਉਂਕਿ
‘ਪ੍ਰਥਮੈ ਮਨੁ ਪ੍ਰਬੋਧੈ ਅਪਨਾ, ਪਾਛੈ ਅਵਰ ਰੀਝਾਵੈ’
ਦੇ ਹੁਕਮ ਅਨੁਸਾਰ ਕਿਸੇ ਦੂਜੇ ਨੂੰ ਮਤ ਦੇਣ ਤੋਂ ਪਹਿਲਾਂ ਆਪਣੇ ਮਨ ਨੂੰ ਸਮਝਾਉਣਾ ਹੀ ਉਚਿਤ ਹੈ।
ਸੰਸਾਰ ਦਾ ਸਾਰਾ ਕਾਰਜ ਮਨ ਨਾਲ ਹੀ ਹੁੰਦਾ ਹੈ, ਜਿਸ ਕਰਕੇ ਮਨ ਨੂੰ ਕਾਬੂ ਵਿੱਚ ਰੱਖਣ ਨਾਲ ਹੀ ਕੰਮ ਦੀ ਸਿੱਧੀ ਹੁੰਦੀ ਹੈ।
ਲਓ, ਹੁਣ ਧਿਆਨ ਨਾਲ ਸੁਣੋ ! ਆਪਣੇ ਮਨ ਨੂੰ ਅਸੀਂ ਕਿਸ ਤਰ੍ਹਾਂ ਚੌਕਸ ਕਰ-ਕਰ ਕੇ ਅਰਦਾਸ ਦੀ ਮਹਾਨਤਾ ਤੇ ਉਦੇਸ਼ ਨਿਸਚੇ ਕਰਾਣ ਦਾ ਯਤਨ ਕਰਦੇ ਹਾਂ।
ਹੇ ਮੇਰੇ ਮਨ! ਸੁਣ ਜ਼ਰਾ!
ਤੂੰ ਉਸ ਪਰਮਾਤਮਾ ਦਾ ਹਿੱਸਾ ਹੈਂ, ਜਿਸ ਦੇ ਵਿਸ਼ਾਲ ਸਮੁੰਦਰ ਦੀ ਤੂੰ ਇੱਕ ਨਿੱਕੀ ਜਿਹੀ ਬੂੰਦ ਹੈਂ।
ਜਿਸ ਦੀ ਧਰਤੀ ਦੀ ਧੂੜ ਦਾ ਤੂੰ ਇੱਕ ਛੋਟਾ ਜਿਹਾ ਕਣ ਹੈਂ।
ਜਿਸ ਦੀ ਅੱਗ ਦੀ ਤੂੰ ਇੱਕ ਨਿੱਕੀ ਚੰਗਿਆੜੀ, ਜਿਸ ਦੀ ਹਵਾ ਦਾ ਤੂੰ ਇੱਕ ਸਾਹ, ਅਤੇ ਜਿਸ ਦੇ ਅਕਾਸ਼ ਦਾ ਤੂੰ ਇੱਕ ਸੂਖਮ ਹਿੱਸਾ ਹੈਂ। ਉਸਨੂੰ ਨੂੰ ਕਦੀ ਵੀ ਮਨੋਂ ਨਾ ਵਿਸਾਰ।
ਜੇ ਉਹ ਆਪਣੀ ਜੋਤ, ਜੋ ਤੇਰੇ ਅੰਦਰ ਪ੍ਰਾਣਾਂ ਵਜੋਂ ਚੱਲ ਰਹੀ ਹੈ, ਵਾਪਸ ਖਿੱਚ ਲਵੇ, ਤਾਂ ਤੂੰ ਸਿਰਫ਼ ਮਿੱਟੀ, ਅੱਗ, ਪਾਣੀ, ਹਵਾ ਜਾਂ ਅਕਾਸ਼ ਦਾ ਹਿੱਸਾ ਹੀ ਰਹਿ ਜਾਵੇਂਗਾ।
ਤਾਂ ਦੱਸ ਫਿਰ ਕੌਣ ਮਾਂ-ਬਾਪ, ਇਸਤ੍ਰੀ, ਪੁੱਤਰ ਤੇ ਕਿਹੜੀ ਸੰਸਾਰਕ ਚੀਜ਼ ਤੇਰੀ ਹੋਵੇਗੀ? ਤਦੋਂ ਤੇਰਾ ਕੁਛ ਨਹੀਂ ਹੋਵੇਗਾ। ਨਾ ਸਰੀਰ ਹੋਵੇਗਾ ਅਤੇ ਨਾ ਸੰਸਾਰਕ ਪਦਾਰਥ।
ਫਿਰ ਆ, ਆਖੇ ਲੱਗ! ਕਿਉਂ ਭੁਲਾ ਛਡਿਆ ਏ।

ਉਸ ਦੇ ਨਿਉ-ਨਿਉ ਪੈਰੀ ਲੱਗ। ਉਸਦੀ ਧੂੜ ਆਪਣੇ ਮੱਥੇ ਤੇ ਲਾ। ਆ ਅਰਦਾਸ ਵਿਚ ਜੁੜ, ਆਪਣੇ ਆਪ ਨੂੰ ਛੱਡ ਦਿਹ, ਉਸ ਦੇ ਸਰੂਪ ਵਿੱਚ ਆਪਣੇ ਆਪ ਨੂੰ ਡੁਬੋ ਲੈ, ਭੁੱਲ ਜਾਹ ਬਾਹਰ ਦਾ ਸਭ ਕੁਛ ਵੜ ਜਾਹ ਅੰਦਰ ਤੇ ਧੁਰ ਅੰਦਰੋਂ ਧੋ ਸੁੱਟ ਸਾਰੀ ਹੰਗਤਾ ਮਮਤਾ ਦੀ ਮੈਲ।
ਅਰਦਾਸ ਦੀ ਸੱਚੀ ਭਾਵਨਾ
ਹੇ ਮੇਰੇ ਮਨ! ਉਹ ਪ੍ਰਮਾਤਮਾ ਚੀਕਾਂ ਨਹੀਂ ਸੁਣਦਾ, ਉਚੀਆਂ ਬਾਗਾਂ ਨਹੀਂ ਸੁਣਦਾ।
‘ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਈਂ ਨ ਬਹਿਰਾ ਹੋਇ’
ਉਹ ਕਾਂਵਾਂ ਰੋਲੀ ਨਹੀਂ ਸੁਣਦਾ। ਉਹ ਸੁਣਦਾ ਹੈ ਤਾਂ ਕੇਵਲ ਇਕ ਸ਼ਾਂਤਮਈ, ਅਤਿ ਸੂਖਮ ਤੇ ਪਿਆਰ–ਨਿਮਰਤਾ ਵਿੱਚ ਭਿੱਜੇ ਹਿਰਦੇ ਤੋਂ ਨਿਕਲੀ ਅਰਦਾਸ ਦੀ ਅਵਾਜ਼।
ਦਰੋਪਤੀ ਦੀ ਅਰਦਾਸ – ਇੱਕ ਉਦਾਹਰਣ
ਜਦੋਂ ਦੁਰਯੋਧਨ ਨੇ ਦਰੋਪਤੀ ਦੀ ਸਭਾ ‘ਚ ਬੇਇੱਜ਼ਤੀ ਕਰਨ ਦਾ ਹੁਕਮ ਦਿੱਤਾ, ਦਰੋਪਤੀ ਪੰਜ ਮਹਾਂਬਲੀ ਪਾਂਡਵਾਂ ਦੀ ਇਸਤਰੀ ਨੇ ਸਾਰਿਆਂ ਨੂੰ ਸਹਾਇਤਾ ਲਈ ਪੁਕਾਰਿਆ।
ਉਹ ਵਿਲਕੀ ਤੇ ਚਿੱਲਾਈ। ਉਹ ਕਦੇ ਯੁਧਿਸ਼ਟਰ, ਕਦੇ ਅਰਜਨ, ਕਦੇ ਭੀਮ ਆਦਿ ਮਹਾਂ ਬਲੀਆਂ ਵੱਲ ਵੇਖੇ ਅਤੇ ਕਦੇ ਭੀਸ਼ਮ ਪਿਤਾਮਾ ਧਰਮ ਮੂਰਤੀ ਅੱਗੇ ਆਪਣੇ ਧਰਮ ਰਖਿਅਕ ਦੇ ਹਾੜੇ ਪਾਵੇ।
ਕਦੇ ਵੇਦ ਵਿਆਸ ਜੀ ਤੇ ਹੋਰ ਬਰਾਬਰ ਵਿਚ ਸ਼ਸ਼ੋਭਿਤ ਰਿਖੀਆਂ-ਮੁਨੀਆਂ ਦਾ ਘੋਰ ਅਨਿਆਏ ਵਲ ਧਿਆਨ ਦਿਵਾਏ। ਪਰ ਕਿਸੇ ਨੇ ਵੀ ਉਸ ਦੀ ਬੇਨਤੀ, ਚੀਖ-ਪੁਕਾਰ ਤੇ ਵਿਰਲਾਪ ਵੱਲ ਧਿਆਨ ਨਾ ਦਿਤਾ।ਦੁਰਯੋਧਨ ਤੋਂ ਡਰ ਕੇ ਸਭ ਚੁੱਪ ਰਹੇ।
ਹੋਰ ਕੋਈ ਪੇਸ਼ ਨਾ ਜਾਂਦੀ ਵੇਖ ਕੇ ਦਰੋਪਤੀ ਨੇ ਇੱਕ ਪਲ ਲਈ ਆਪਣੇ ਦਿਲ ‘ਚ ਪਰਮਾਤਮਾ ਨੂੰ ਪੁਕਾਰਿਆ। ਆਪਣੇ ਪ੍ਰਭੂ ਅਗੇ ਆਪਣੀ ਰਖਿਆ ਵਾਸਤੇ ਅਰਦਾਸ ਕੀਤੀ।
ਬਸ ਅਰਦਾਸ ਕਰਨ ਦੀ ਢਿੱਲ ਸੀ ਕਿ ਪ੍ਰਭੂ ਪਰਮਾਤਮਾ ਨੇ ਸਾੜੀ ਰੂਪ ਹੋ ਕੇ ਦਰੋਪਦੀ ਦੀ ਧਰਮ ਰੱਖਿਆ ਕੀਤੀ।
ਉਹ ਤਾਂ ਸਨ ਸਤਿਜੁਗ-ਦੁਆਪਰ ਦੀਆਂ ਗਾਥਾ, ਪਰ ਆ ਹੁਣ ਤੈਨੂੰ ਨੇੜੇ ਦੀਆਂ ਵੀ ਸੁਣਾਵਾਂ। ਤੂੰ ਇਹ ਕਹਿਣ ਜੋਗਾ ਨਾ ਰਹੇਂ ਕਿ ਪਿੱਛੇ ਦੀਆਂ ਪਿੱਛੇ ਰਹਿ ਗਈਆਂ ਅੱਜ ਕੱਲ ਕੋਣ ਅਰਦਾਸਾਂ ਸੁਣਦਾ ਹੈ?
ਭਾਈ ਤ੍ਰਿਲੋਕੇ ਦੀ ਵਾਰਤਾ – ਸ਼ਰਧਾ ਵਾਲੀ ਅਰਦਾਸ
ਲੈ ਕੰਨ ਦੇ ਕੇ ਸੁਣ! ਭਾਈ ਤਰਲੋਕ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਿੱਖ ਸਨ। ਗੁਰੂ ਜੀ ਨੇ ਉਨ੍ਹਾਂ ਨੂੰ ਸਿੱਖਿਆ ਦਿੱਤੀ:
ਬੇਕਸੂਰ ਜੀਵਾਂ ਦੀ ਹੱਤਿਆ ਨਾ ਕਰੋ, ਸਭ ‘ਤੇ ਦਇਆ ਕਰੋ ਅਤੇ ਸਤਿਨਾਮ ਦਾ ਜਾਪ ਕਰੋ।
ਭਾਈ ਜੀ ਗਜ਼ਨੀ ਦੇ ਹਾਕਮ ਦੇ ਹਿਫਾਜ਼ਤੀ ਦਸਤੇ ਵਿਚ ਨੌਕਰ ਸਨ। ਇੱਕ ਦਿਨ ਸ਼ਿਕਾਰ ਖੇਡਣ ਗਏ ਭਾਈ ਜੀ ਨੇ ਇੱਕ ਹਿਰਨੀ ਨੂੰ ਤਲਵਾਰ ਨਾਲ ਮਾਰਿਆ ਤਾਂ ਉਸ ਦੇ ਪੇਟ ਵਿੱਚੋਂ ਦੋ ਬੱਚੇ ਨਿਕਲੇ। ਬੇ-ਦੋਸ਼ ਬੱਚਿਆਂ ਦੀ ਹਤਿਆ ਵੇਖ ਕੇ ਆਪ ਦਾ ਮਨ ਪਿਘਲ ਗਿਆ ਅਤੇ ਤਲਵਾਰ ਦਾ ਪਾਸ ਰੱਖਣਾ ਹੀ ਇਸ ਹੱਤਿਆ ਦਾ ਕਾਰਨ ਸਮਝ ਕੇ ਅਗੇ ਤੋਂ ਆਪਣੇ ਪਾਸ ਤਲਵਾਰ ਨਾ ਰੱਖਣ ਦਾ ਪ੍ਰਣ ਕਰ ਲਿਆ।
ਪਰ ਤਲਵਾਰ ਤੋਂ ਬਿਨਾਂ ਭਾਈ ਜੀ ਦੀ ਨੋਕਰੀ ਨਹੀਂ ਰਹਿ ਸਕਦੀ ਸੋ ਇਸ ਗੱਲ ਕਾਰਨ ਲੱਕੜ ਦੀ ਤਲਵਾਰ ਬਣਵਾ ਕੇ ਪਾ ਲਈ। ਕੁਝ ਸਮੇਂ ਬਾਅਦ ਕਿਸੇ ਨੇ ਹਾਕਮ ਨੂੰ ਸ਼ਿਕਾਇਤ ਕਰ ਦਿੱਤੀ ਕਿ ਆਪ ਦੇ ਰਖਵਾਲੇ ਭਾਈ ਤਿਰਲੋਕੇ ਨੇ ਕਾਠ ਦੀ ਤਲਵਾਰ ਰੱਖੀ ਹੋਈ ਹੈ। ਜੇਕਰ ਕੋਈ ਦੁਸ਼ਮਣ ਤੁਹਾਡੇ ਤੇ’ ਵਾਰ ਕਰੇ ਤਾਂ ਭਾਈ ਤ੍ਰਿਲੋਕਾ ਆਪ ਜੀ ਦੀ ਹਿਫਾਜ਼ਤ ਨਹੀਂ ਕਰ ਸਕੇਗਾ, ਇਹ ਆਪ ਨੂੰ ਧੋਖਾ ਦੇ ਰਿਹਾ ਹੈ।
ਇਹ ਸ਼ਿਕਾਇਤ ਸੁਣ ਕੇ ਬਾਦਸ਼ਾਹ ਨੇ ਇਕ ਦਿਨ ਦਰਬਾਰ ਲਗਾ ਕੇ ਆਪਣੇ ਸਾਰੇ ਹਿਫਾਜ਼ਤੀ ਦਸਤੇ ਨੂੰ ਵਾਰੋ-ਵਾਰੀ ਆਪੋ ਆਪਣੀਆਂ ਤਲਵਾਰਾਂ ਵਿਖਾਉਣ ਵਾਸਤੇ ਕਿਹਾ- ਐਸੇ ਔਖੇ ਸਮੇਂ ਭਾਈ ਤ੍ਰਿਲੋਕੇ ਨੇ ਹੋਰ ਕੋਈ ਪੇਸ਼ ਨਾ ਜਾਂਦੀ ਵੇਖ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕੀਤੀ।
ਇਸ ਸਮੇਂ ਅੰਮ੍ਰਿਤਸਰ ਸ੍ਰੀ ਅਕਾਲ ਤਖਤ ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮੀਰੀ-ਪੀਰੀ ਦੇ ਮਾਲਕ ਦਾ ਦੀਵਾਨ ਸਜ ਰਿਹਾ ਸੀ। ਇਕ ਮਨ ਹੋ ਕੇ ਸਿੱਖ ਦੀ ਕੀਤੀ ਹੋਈ ਅਰਦਾਸ ਆਪ ਜੀ ਪਾਸ ਪੁੱਜੀ। ਆਪ ਜੀ ਨੇ ਝੱਟ ਹੀ ਆਪਣੇ ਮਿਆਨ ਵਿੱਚੋਂ ਪੀਰੀ ਦੀ ਫੌਲਾਦੀ ਤਲਵਾਰ ਕੱਢ ਕੇ, ਲੰਮੀ ਬਾਂਹ ਕਰ ਕੇ ਉਚੀ ਤਾਣ ਦਿਤੀ। ਦੀਵਾਨ ਵਿਚ ਹਾਜ਼ਰ ਸੰਗਤ ਇਸ ਅਚਾਨਕ ਕੌਤਕ ਨੂੰ ਵੇਖ ਕੇ ਹੈਰਾਨ ਹੋ ਰਹੀ ਸੀ। ਆਪ ਜੀ ਨੇ ਇਸ ਤਰਾਂ ਹੀ ਕੁਝ ਸਮਾਂ ਤਲਵਾਰ ਨੂੰ ਹਵਾ ਵਿਚ ਰਖਿਆ। ਜਦ ਅਰਦਾਸ ਦੇ ਮਨ ਨਾਲ ਭਾਈ ਤ੍ਰਿਲੋਕੇ ਨੇ ਆਪਣੀ ਵਾਰੀ ਆਉਣ ਤੇ ਲੱਕੜ ਦੀ ਤਲਵਾਰ ਮਿਆਨ ਵਿੱਚੋ ਕੱਢੀ ਤਾਂ ਉਸਦੀ ਲਿਸ਼ਕ ਨੂੰ ਕੋਈ ਅੱਖ ਨਾ ਸਹਾਰ ਸਕੀ ਅਤੇ ਸਭਾਪਤੀ ਭਾਈ ਜੀ ਦੀ ਇਸ ਅਲੌਕਿਕ ਤਲਵਾਰ ਨੂੰ ਵੇਖ ਕੇ ਬਹੁਤ ਖੁਸ਼ ਹੋਏ ਅਤੇ ਬਾਦਸ਼ਾਹ ਨੇ ਭਾਈ ਜੀ ਨੂੰ ਇੰਨੀ ਚੰਗੀ ਤਲਵਾਰ ਰੱਖਣ ਬਦਲੇ ਬਹੁਤ ਸਾਰਾ ਇਨਾਮ ਦਿਤਾ।
ਜਦ ਇਹ ਕੌਤਕ ਹੋ ਚੁੱਕਾ ਤਾਂ ਸਤਿਗੁਰੂ ਜੀ ਨੇ ਆਪਣੀ ਸ੍ਰੀ ਸਾਹਿਬ ਮਿਆਨ ਵਿਚ ਕਰ ਲਈ ਅਤੇ ਸੰਗਤ ਨੂੰ ਉਹਨਾਂ ਦੇ ਪੁਛਣ ਤੇ ਗੁਰੂ ਘਰ ਦੇ ਇਕ ਸ਼ਰਧਾਲੂ ਸਿੱਖ (ਭਾਈ ਤ੍ਰਿਲੋਕੇ) ਦੀ ਵਾਰਤਾ ਅਤੇ ਉਸ ਵਲੋਂ ਅਰਦਾਸ ਪੁੱਜਣ ਕਰ ਕੇ ਉਸਦੀ ਸਹਾਇਤਾ ਦਾ ਹਾਲ ਸੁਣਾਇਆ’ ਸਭ ਸੰਗਤਾਂ ਨੇ, ਧੰਨ ਸਿਦਕੀ ਸਿਖ ! ਧੰਨ ਉਹਨਾਂ ਦੀ ਅਰਦਾਸ ! ਅਤੇ ਧੰਨ ਉਸਦੇ ਸੁਣਨ ਵਾਲੇ ਗੁਰੂ ਸਾਹਿਬ ਜੀ, ਆਖ ਕੇ ਮੱਥਾ ਟੇਕਿਆ।
ਸੁਣਿਆ ਈ ਮੇਰੇ ਮਨਾ ! ਸ਼ਰਧਾ ਨਾਲ ਕੀਤੀ ਹੋਈ ਅਰਦਾਸ ਦਾ ਫਲ, ਗਜ਼ਨੀ ਤੋਂ ਅੰਮ੍ਰਿਤਸਰ ਇਕ ਪਲ ਭਰ ਵਿਚ ਪਹੁੰਚਿਆ ਅਤੇ ਸਿੱਖ ਦੀ ਜਾਨ ਮਾਲ ਦੀ ਰਖਿਆ ਹੋਈ।
ਅਰਦਾਸ ਕਈ ਵਾਰ ਪੂਰੀ ਕਿਉਂ ਨਹੀਂ ਹੁੰਦੀ?
ਹੇ ਮੇਰੇ ਮਨ! ਜੇਕਰ ਤੂੰ ਸੋਚਦਾ ਹੈਂ ਕਿ ਕਈ ਵਾਰ ਅਰਦਾਸ ਪੂਰੀ ਨਹੀਂ ਹੁੰਦੀ, ਤਾਂ ਸੁਣ।
ਹੇ ਮੇਰੇ ਮਨ ! ਹੁਣ ਤੇਰਾ ਇਹ ਸ਼ੰਕਾ ਵੀ ਮੈਂ ਖਤਮ ਕਰਦਾ ਹਾਂ…
ਅਰਦਾਸ ਦੀ ਸਫਲਤਾ ਲਈ ਦੋ ਚੀਜ਼ਾਂ ਜ਼ਰੂਰੀ ਹਨ:
ਸੱਚੀ ਸ਼ਰਧਾ ਤੇ
ਪੂਰਾ ਨਿਸ਼ਚਾ
ਜਦ ਤਕ ਮਨ ਵਿਚ ਕਿਸੇ ਹੋਰ ਦੂਸਰੇ ਦੀ ਆਸ ਹੈ ਤਦ ਤਕ ਫਲ ਦੀ ਪ੍ਰਾਪਤੀ ਨਹੀਂ ਹੋ ਸਕਦੀ ਇਹ ਗਲ ਜਾਣ ਲੈ।
ਸਤਿਗੁਰੂ ‘ਤੇ ਪੂਰਾ ਭਰੋਸਾ ਰੱਖ।
ਫਿਰ ਵੇਖੀਂ, ਤੇਰੀ ਅਰਦਾਸ ਕਦੇ ਖਾਲੀ ਨਹੀਂ ਜਾਵੇਗੀ।
ਭਾਵੇਂ ਪਰਮਾਤਮਾ ਨਾਰਾਜ਼ ਹੋਵੇ ਜਾਂ ਰਾਜ਼ੀ, ਤੂੰ ਅਰਦਾਸ ਕਰਨੋਂ ਨਾ ਹਟ।
ਰੋਜ਼ ਦੀ ਅਰਦਾਸ ਕਿਵੇਂ ਕਰੀਏ?
ਹੇ ਪਰਮਾਤਮਾ ਜੀਓ! ਮੈਂ ਦਾਸ ਆਪ ਜੀ ਦੇ ਅੱਗੇ ਨਿਮਾਣਾ, ਨਿਤਾਣਾ ਤੇ ਦੀਨ ਹੋ ਕੇ ਅਰਦਾਸ ਕਰਦਾ ਹਾਂ ਕਿ ਆਪ ਜੀ ਮੇਰੇ ਇਸ ਕਾਰਜ ਵਿਚ ਸਹਾਈ ਹੋਵੋ ਜੀ। ਮੈਂ ਸਾਰੇ ਆਸਰਿਆਂ ਵਲੋਂ ਬੇ-ਆਸ ਹੋ ਕੇ ਆਪ ਜੀ ਦੀ ਸ਼ਰਨ ਆਇਆ ਹਾਂ ਜੀ।
ਇਸ ਸਮੇਂ ਮਨ ਇਸ ਤਰਾਂ ਲੀਨ ਹੋਣਾ ਚਾਹੀਦਾ ਹੈ ਜਿਵੇਂ ਸੂਈ ਵਿਚ ਧਾਗਾ ਪੌਣ ਲਗਿਆਂ ਧਿਆਨ ਸੂਈ ਦੇ ਨੱਕੇ ਵਿਚ ਬੰਨ੍ਹਿਆ ਜਾਂਦਾ ਹੈ।
ਹੇ ਦਾਤਾ! ਤੂੰ ਦਾਸ ਨੂੰ ਮਨੁੱਖਾ ਜਨਮ ਦੇ ਕੇ ਬੇਅੰਤ ਦਾਤਾਂ ਬਖ਼ਸ਼ੀਆਂ ਹਨ। ਦਾਤਾ ਜੀਓ! ਆਪਣੀਆਂ ਇਨ੍ਹਾਂ ਬਖਸ਼ੀਆਂ ਹੋਈਆਂ ਦਾਤਾਂ ਨੂੰ ਸ਼ੁਭ ਕੰਮਾਂ ਵਿੱਚ ਖਰਚਨ ਅਤੇ ਵਰਤਨ ਦੀ ਦਾਸ ਨੂੰ ਸਬੁੱਧੀ ਬਖ਼ਸ਼ੋ। ਮੰਦ ਬੁੱਧੀ ਹੋ ਕੇ ਮੈਂ ਇਹਨਾਂ ਨੂੰ ਅਜਾਈਂ ਨਾ ਗਵਾ ਲਵਾਂ।
ਮੈਂ ਤੁੱਛ ਬੁੱਧੀ ਨਾਲ ਤੇਰਾ ਧੰਨਵਾਦ ਨਹੀਂ ਕਰ ਸਕਦਾ। ਜਿੰਨਾ ਸ਼ੁਕਰਾਨਾ ਕਰਾ ਉਨ੍ਹਾਂ ਹੀ ਥੋੜ੍ਹਾ ਏ। ਮੈਂ ਅੱਠੇ-ਪਹਿਰ ਤੇਰੇ ਗੁਣ ਗਾਉਂਦਾ ਤੇਰੇ ਚਰਨਾਂ ਵਿੱਚ ਸਮਾ ਜਾਵਾਂ। ਮੇਰਾ ਜਨਮ ਮਰਨ ਦਾ ਦੁੱਖ ਮਿਟ ਜਾਵੇ।