ਬਿਪ੍ਰ ਸੁਦਾਮੇ ਦਾਲਦੁ ਭੰਜ ॥ ਰੇ ਮਨ ਤੂ ਭੀ ਭਜੁ ਗੋਬਿੰਦ ॥੨॥
ਦਾਲਦੁ ਭੰਜਿ ਸੁਦਾਮੇ ਮਿਲਿਓ ਭਗਤੀ ਭਾਇ ਤਰੇ ॥ (ਮਾਰੂ ਮ: ੪)
ਸੁਦਾਮਾ ਭਗਤ ਜੀ ਬ੍ਰਾਹਮਣ ਜਾਤਿ ਦੇ ਸਨ। ਬਚਪਨ ਵਿੱਚ ਉਹ ਸ੍ਰੀ ਕ੍ਰਿਸ਼ਨ ਜੀ ਨਾਲ ਮਿਲਕੇ ਸੰਦੀਪਨ ਗੁਰੂ ਕੋਲ ਪੜ੍ਹਦੇ ਰਹੇ। ਇਨ੍ਹਾਂ ਦੇ ਪਿਤਾ ਚੰਗੇ ਧਨਵਾਨ ਸਨ। ਇੱਕ ਦਿਨ, ਸੰਦੀਪਨ ਗੁਰੂ ਦੀ ਆਗਿਆ ਨਾਲ ਸਾਰੇ ਲੜਕੇ ਜੰਗਲ ਵਿੱਚ ਲੱਕੜ ਚੁਗਣ ਵਾਸਤੇ ਗਏ। ਸੰਦੀਪਨ ਦੀ ਇਸਤ੍ਰੀ ਨੇ ਸੁਦਾਮੇ ਨੂੰ ਭੁਜੇ ਛੋਲੇ ਦੇ ਕੇ ਕਿਹਾ, “ਜੇ ਬਾਹਰ ਭੁੱਖ ਲੱਗੇ ਤਾਂ ਇਹ ਖਾ ਲੈਣਾ।”
ਸੁਦਾਮਾ ਅਤੇ ਕ੍ਰਿਸ਼ਨ ਜੀ ਸਦਾ ਇਕੱਠੇ ਰਹਿੰਦੇ ਅਤੇ ਹਰ ਕੰਮ ਦੋਵੇਂ ਇਕੱਠੇ ਹੀ ਕਰਦੇ ਸਨ। ਜੰਗਲ ਵਿੱਚ ਲੱਕੜ ਚੁੱਗਦੇ ਸਮੇਂ ਅਚਾਨਕ ਕਾਲੀ ਬੱਦਲੀ ਛਾ ਗਈ ਅਤੇ ਮੀਂਹ ਪੈ ਗਿਆ। ਦੋਵੇਂ ਇਕ ਦਰਖਤ ਹੇਠਾਂ ਬੈਠ ਗਏ। ਸੁਦਾਮਾ ਓਥੇ ਬੈਠਾ-ਬੈਠਾ ਛੋਲੇ ਚੱਬਣ ਲੱਗ ਪਿਆ। ਉਸ ਦੀ ਚੱਬਣ ਦੀ ਆਵਾਜ਼ ਸੁਣਕੇ ਸ੍ਰੀ ਕ੍ਰਿਸ਼ਨ ਜੀ ਨੇ ਪੁੱਛਿਆ, “ਸੁਦਾਮਿਆ, ਕੀ ਖਾਂਦਾ ਹੈ?”
ਸੁਦਾਮਾ ਮੁਕਰ ਗਿਆ ਅਤੇ ਕਿਹਾ, “ਖਾਂਦਾ ਤਾਂ ਕੁਝ ਨਹੀਂ, ਠੰਢ ਨਾਲ ਦੰਦੋੜਿੱਕਾ ਵਜ ਰਿਹਾ ਹੈ।”
ਇਹ ਸੁਣਕੇ ਸ੍ਰੀ ਕ੍ਰਿਸ਼ਨ ਜੀ ਨੇ ਕਿਹਾ- ਜਾਹ ਓਇ ਭੁਖਿਆ! ਨਗੂਨੇ ਛਲਿਆਂ ਵਾਸਤੇ ਝੂਠ ਬੋਲਿਆ ਈ।
ਸਮਾਂ ਬੀਤ ਗਿਆ, ਸਾਰੇ ਲੜਕੇ ਵਿਦਿਆ ਪੜ੍ਹਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਸੁਦਾਮੇ ਦਾ ਵੀ ਵਿਆਹ ਹੋ ਗਿਆ। ਉਸ ਦੇ ਮਾਤਾ-ਪਿਤਾ ਸੁਰਗਵਾਸ ਹੋ ਗਏ। ਹੁਣ ਦਿਨੋ ਦਿਨ ਕੰਗਾਲਤਾ ਦਾ ਪੈਰ ਉੱਚਾ ਹੁੰਦਾ ਗਿਆ। ਸੁਦਾਮੇ ਦੀ ਧਨ ਸੰਪਦਾ ਘਟਦੀ ਗਈ। ਆਖਰ ਨੂੰ ਕਈ ਕਈ ਦਿਨ ਭੁੱਖੇ ਰਹਿ ਕੇ ਦਿਨ ਕੱਟਣ ਲਗੇ। ਸ੍ਰੀ ਕ੍ਰਿਸ਼ਨ ਜੀ ਦਾ ਵਾਕ ਸੱਚਾ ਹੋ ਗਿਆ।
ਇਸ ਵੇਲੇ ਸ੍ਰੀ ਕ੍ਰਿਸ਼ਨ ਜੀ ਵੀ ਗੋਕਲ ਤੋਂ ਆ ਗਏ। ਇਨ੍ਹਾਂ ਦਾ ਵਿਆਹ ਸਿਰਫ਼ ਇੱਕ ਨਹੀਂ, ਸਗੋਂ ਅੱਠ ਵਾਰੀ ਹੋਇਆ — ਮਥਰਾ ਤੋਂ ਦਵਾਰਕਾ ਤੱਕ। ਆਪਣੇ ਪਿਤਾ ਦੇ ਰਾਜ ਨੂੰ ਪਾ ਕੇ ਮਹਾਰਾਜੇ ਬਣ ਗਏ। ਪਾਂਡਵਾਂ ਦੇ ਰਾਜਸੂਅ ਯੱਗ ਕਰਵਾ ਕੇ ਉਹਨਾਂ ਨੇ ਆਪਣੇ ਰਾਜ ਦਾ ਪ੍ਰਭਾਵ ਸਾਰੇ ਦੇਸ਼ਾਂ ਵਿੱਚ ਵਧਾ ਲਿਆ।
ਸੁਸ਼ੀਲਾ (ਸੁਦਾਮਾ ਦੀ ਪਤਨੀ) ਨੂੰ ਪਤਾ ਲਗਾ ਕਿ ਭਗਤ ਜੀ ਦੇ ਮਿਤ੍ਰ ਸ੍ਰੀ ਕ੍ਰਿਸ਼ਨ ਜੀ ਹਨ, ਜੋ ਦੁਆਰਕਾ ਦੇ ਰਾਜੇ ਹਨ।
ਉਸਨੇ ਕਿਹਾ-
“ਸਵਾਮੀ ਜੀ! ਭਗਵਾਨ ਕ੍ਰਿਸ਼ਨ ਜੀ ਤੁਹਾਡੇ ਮਿਤ੍ਰ ਹਨ, ਉਹ ਦੁਆਰਕਾ ਦੇ ਰਾਜੇ ਹਨ। ਫਿਰ ਤੁਸੀਂ ਬ੍ਰਾਹਮਣ ਹੋ, ਬ੍ਰਾਹਮਣ ਦਾ ਕਰਮ ਵੀ ਭਿੱਛਾ ਮੰਗਣਾ ਹੈ। ਤੁਸੀਂ ਅੱਜ ਆਪਣੇ ਮਿਤ੍ਰ ਰਾਜੇ ਦੇ ਭਿੱਛੁਕ ਹੋਕੇ ਉਨ੍ਹਾਂ ਤੋਂ ਯਾਚਨਾ ਕਰੋ, ਉਹ ਤੁਹਾਨੂੰ ਜ਼ਰੂਰ ਕੁਝ ਨਾ ਕੁਝ ਦੇਣਗੇ।”
ਇਸਤ੍ਰੀ ਦਾ ਅਜਿਹਾ ਕਹਿਣਾ ਸੁਣਕੇ ਭਗਤ ਜੀ ਨੇ ਕਿਹਾ:
“ਸ਼ੀਲਾ! ਸਾਰੇ ਜਗਤ ਵਿੱਚ ਸੁਖ ਤੇ ਸੰਤੋਖ ਵਰਗਾ ਕੁਝ ਨਹੀਂ। ਜੋ ਸੁਖ ਮੈਨੂੰ ਸੰਤੋਖ ਵਿੱਚ ਨਜ਼ਰ ਆ ਰਿਹਾ ਹੈ, ਇਸ ਵਰਗਾ ਇੰਦ੍ਰ ਦਾ ਰਾਜ ਭੀ ਮੈਨੂੰ ਸੁਖਦਾਈ ਮਲੂਮ ਨਹੀਂ ਹੁੰਦਾ। ਦੂਜਾ ਹੁਣ ਤਾਂ ਅਸੀਂ ਬੇਫਿਕਰ ਹੋਕੇ ਹਰੀ ਦੇ ਗੁਣ ਗਾਉਂਦੇ ਤੇ ਨਿਸਚਿੰਤ ਹੋ ਕੇ ਸੁਖ ਦੀ ਨੀਂਦ ਸੌਂਦੇ ਹਾਂ, ਪਰ ਜੇ ਧਨ ਮਿਲ ਗਿਆ ਤਾਂ ਰਾਤ ਨੂੰ ਚਿੰਤਾ ਫਿਕਰ ਵਿੱਚ ਨੀਂਦ ਵੀ ਨਹੀਂ ਪੈਣੀ।”
ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ ॥ ਜਿਸੁ ਗ੍ਰਿਹਿ ਥੋਰੀ ਸੁ ਫਿਰੈ ਭ੍ਰਮੰਤਾ ॥ ਦੁਹੂ ਬਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ॥
ਅਸਲੀ ਗੁਣ ਤੇ ਵਡਿਆਈ ਉਸੇ ਵਿਅਕਤੀ ਵਿੱਚ ਰਹਿੰਦੀ ਹੈ ਜੋ ਕਿਸੇ ਕੋਲੋਂ ਕੁਝ ਮੰਗਦਾ ਨਹੀਂ। ਜਦ ਕੋਈ ਮਾਨ-ਗੌਰਵ ਹਥਿਆਰ ਦੀ ਤਰ੍ਹਾਂ ਕਿਸੇ ਅੱਗੇ ਲਗਾ ਦੇਂਦਾ ਹੈ, ਉਸਦੀ ਅਸਲੀ ਵਡਿਆਈ ਖਤਮ ਹੋ ਜਾਂਦੀ ਹੈ।
“ਸ਼ੀਲਾ! ਮੰਗਣ ਨਾਲੋਂ ਮਰਨਾ ਚੰਗਾ ਹੈ। ਮੇਰਾ ਮਨ ਕਿਸੇ ਕੋਲੋਂ ਮੰਗਣਾ ਨਹੀਂ ਚਾਹੁੰਦਾ।”
ਪਤੀ ਦੇ ਬਚਨਾਂ ਨੂੰ ਸੁਣਕੇ ਸੁਸ਼ੀਲਾ ਨੇ ਹੱਥ ਜੋੜਕੇ ਕਿਹਾ-
“ਸੁਆਮੀ ਜੀ! ਆਪ ਜੀ ਦਾ ਕਹਿਣਾ ਸੱਤ ਹੈ। ਮੈਂ ਤੁਹਾਨੂੰ ਇਹ ਨਹੀਂ ਕਹਿੰਦੀ ਕਿ ਤੁਸੀਂ ਕਿਸੇ ਕੋਲੋਂ ਜਾਕੇ ਕੁਝ ਮੰਗੋ। ਵੇਖੋ ਨਾ, ਬਾਲ ਭੁਖੇ ਵਿਲੂੰ-ਵਿਲੂੰ ਕਰਦੇ ਹਨ। ਇਹ ਭੁਖ ਮੌਤ ਨਾਲੋਂ ਭੀ ਬੁਰੀ ਹੈ। ਭੁਖੇ ਕੋਲੋਂ ਤਾਂ ਭਗਤੀ ਵੀ ਨਹੀਂ ਹੋ ਸਕਦੀ। ਤੁਸੀਂ ਇੱਕ ਵਾਰ ਦੁਆਰਕਾ ਜਾ ਕੇ ਸ੍ਰੀ ਕ੍ਰਿਸ਼ਨ ਜੀ ਦੇ ਦਰਸ਼ਨ ਜ਼ਰੂਰ ਕਰੋ। ਉਹ ਸਾਡੀ ਹਾਲਤ ਨੂੰ ਜਾਣਦੇ ਹਨ, ਆਪ ਹੀ ਬਿਨਾਂ ਮੰਗੇ ਸਭ ਕੁਝ ਦੇਣਗੇ।”
ਪਤਨੀ ਨੇ ਇਹ ਸਭ ਆਖਿਆ ਤਾਂ ਸੁਦਾਮਾ ਭਗਤ ਜੀ ਜਾਣ ਲਈ ਤਿਆਰ ਹੋ ਗਏ ਤੇ ਕਹਿਣ ਲਗੇ:
“ਸ਼ੀਲਾ! ਸਾਡੇ ਕੋਲ ਭੇਟਾ ਦੇਣ ਵਾਸਤੇ ਕੀ ਹੈ ਜੋ ਮੈਂ ਲੈ ਕੇ ਜਾਵਾਂ?”
ਪਤੀ ਦੀ ਇਹ ਗੱਲ ਸੁਣਕੇ ਸੁਸ਼ੀਲਾ ਨੇ ਆਪਣੀ ਗੁਆਂਢਣ ਕੋਲੋਂ ਦੋ ਮੁੱਠ ਚਾਵਲਾਂ ਦੀਆਂ ਲਿਆਕੇ ਕਿਹਾ,
“ਇਹ ਚਾਵਲ ਭੇਟਾ ਵਾਸਤੇ ਲੈ ਜਾਓ।”
ਸੁਦਾਮਾ ਜੀ ਤੁਰ ਪਏ। ਮਹੀਨਿਆਂ ਦੀ ਲੰਬੀ ਯਾਤਰਾ ਘੰਟਿਆਂ ਵਿੱਚ ਮੁੱਕ ਗਈ। ਤੁਸੀਂ ਪੁੱਛੋਗੇ ਕਿਵੇਂ? ਭਾਈ ਸਾਹਿਬ ਜੀ ਫੁਰਮਾਂਦੇ ਹਨ:
ਚਰਨ ਸਰਨ ਗੁਰ ਏਕ ਪੈਂਡਾ, ਜਾਇ ਚਲ ਸਤਿਗੁਰ ਕੋਟ ਪੈਂਡਾ ਆਗੇ ਹੋਇ ਲੇਤ ਹੈ।।
ਹਾਂ ਜੀ! ਪ੍ਰੇਮ ਅਤੇ ਭਗਤੀ ਦੇ ਪੁੰਜ ਸੁਦਾਮਾ ਭਗਤ ਜੀ ਨੂੰ ਭਗਵਾਨ ਦੇ ਦਰਸ਼ਨਾਂ ਵੱਲ ਤੁਰੇ। ਸ੍ਰੀ ਕ੍ਰਿਸ਼ਨ ਜੀ ਨੇ ਦੁਆਰਕਾ ਦਾ ਰਸਤਾ ਛੋਟਾ ਕਰ ਦਿੱਤਾ, ਜਿਸ ਕਰਕੇ ਸੁਦਾਮਾ ਜੀ ਤੇਜ਼ੀ ਨਾਲ ਦੁਆਰਕਾ ਪੁੱਜ ਗਏ। ਉਥੇ ਦੇ ਠਾਠ-ਬਾਠ ਦੇਖਕੇ ਉਹ ਹੈਰਾਨ ਰਹਿ ਗਏ।
ਸੁਦਾਮਾ ਜੀ ਭਗਵਾਨ ਦੇ ਮਹਲ ਦਾ ਪਤਾ ਪੁੱਛਕੇ ਉਧਰ ਨੂੰ ਤੁਰੇ। ਜਦ ਸੁਦਾਮਾ ਜੀ ਮਹਲ ਦੇ ਦਰਵਾਜ਼ੇ ਤੇ ਪੁੱਜੇ, ਤਾਂ ਦਰਪਾਲ ਨੇ ਝੁਕ ਕੇ ਆਦਰ ਨਾਲ ਪੁੱਛਿਆ:
“ਹੇ ਬ੍ਰਾਹਮਣ ਜੀ, ਤੁਹਾਡਾ ਨਾਮ ਕੀ ਹੈ ਤੇ ਤੁਸੀਂ ਕਿਸਨੂੰ ਮਿਲਣਾ ਚਾਹੁੰਦੇ ਹੋ?”
ਸੁਦਾਮੇ ਦੇ ਮੂੰਹੋਂ ਭਗਵਾਨ ਦੇ ਵਾਸਤੇ “ਮਿੱਤਰ” ਸ਼ਬਦ ਸੁਣਕੇ ਦ੍ਵਾਰਪਾਲ ਦੀ ਬੁੱਧੀ ਚਕ੍ਰਾ ਗਈ। ਉਸਨੇ ਸੋਚਿਆ ਕਿਤੇ ਬ੍ਰਾਹਮਣ ਪਾਗਲ ਤਾਂ ਨਹੀਂ। ਇਹ ਨੰਗਾ ਭੁੱਖਾ ਬ੍ਰਾਹਮਣ ਭਗਵਾਨ ਨੂੰ ਮਿੱਤਰ ਕਿਵੇਂ ਕਹਿੰਦਾ ਹੈ?
ਪਰ ਫਿਰ ਉਸਨੇ ਸਮਝਿਆ:
“ਮੇਰੇ ਪ੍ਰਭੂ ਦੀਨ ਬੰਧੂ ਹਨ। ਦੀਨ ਦਾ ਮਿਤ੍ਰ ਬਣਨਾ ਉਸਦਾ ਸੁਭਾਵਿਕ ਗੁਣ ਹੈ।”
ਰਾਜ ਨਿਯਮ ਅਨੁਸਾਰ ਦ੍ਵਾਰਪਾਲ ਨੇ ਸੁਦਾਮਾ ਜੀ ਨੂੰ ਆਦਰ ਦੇ ਨਾਲ ਬੈਠਾਇਆ ਅਤੇ ਆਪ ਅੰਦਰ ਗਿਆ।
ਜਦ ਦਰਪਾਲ ਤੋਂ ਕ੍ਰਿਸ਼ਨ ਜੀ ਨੇ ਸੁਦਾਮਾ ਨਾਮ ਸੁਣਿਆ, ਤਾਂ ਆਪ ਨੂੰ ਗੁਰੂ ਕੁਲ ਦਾ ਬੇਲੀ ਯਾਦ ਆ ਗਿਆ ਤੇ ਉਸਦੇ ਪਿਆਰ ਵਿਚ ਬੇਬਲ ਹੋ ਗਏ।
ਮਿਤ੍ਰ ਦਾ ਨਾਮ ਸੁਣਦਿਆਂ ਭਗਵਾਨ ਨੂੰ ਜੋ ਖੁਸ਼ੀ ਹੋਈ, ਉਸ ਖੁਸ਼ੀ ਨਾਲ ‘ਸੁਧ ਨਾ ਰਹੀ ਸਰੀਰ ਕੀ‘—ਆਪ ਨੰਗੇ ਪੈਰੀਂ ਭੱਜੇ, ਮੋਢੇ ਤੋਂ ਢਿਲਕੇ ਹੋਏ ਦੁਪੱਟੇ ਨੂੰ ਸੁਆਰ ਨਹੀਂ ਸਕੇ, ਜਾਕੇ ਸੁਦਾਮੇ ਨੂੰ ਮਿਲੇ। ਪ੍ਰੇਮ ਭਰੇ ਜਲਪੂਰਤ ਨੈਨਾਂ ਨਾਲ ਭਗਵਾਨ ਨੇ ਮਿੱਤਰ ਨੂੰ ਘੁੱਟ ਕੇ ਗਲ ਨਾਲ ਲਾਇਆ ਅਤੇ ਫਿਰ ਹੱਥ ਵਿੱਚ ਹੱਥ ਮਿਲਾਕੇ ਸੁਦਾਮੇ ਨੂੰ ਨਾਲ ਲੈ ਕੇ ਮਹਲ ਵਿੱਚ ਪੁੱਜੇ।
ਮਹਾਰਾਣੀ ਰੁਕਮਣੀ ਜੀ ਸੁਦਾਮਾ ਜੀ ਦੇ ਚਰਨਾਂ ਨੂੰ ਧੋਣ ਲੱਗੇ। ਭਾਵੇਂ ਮਹਾਰਾਣੀ ਜੀ ਚਰਨ ਧੋ ਰਹੇ ਹਨ, ਪਰ ਮਿਤ੍ਰ ਪਿਆਰ ਨੇ ਭਗਵਾਨ ਜੀ ਨੂੰ ਬੇਹਬਲ ਕੀਤਾ ਹੋਇਆ ਹੈ। ਉਹ ਆਪ ਵੀ ਝਟ ਬੈਠ ਕੇ ਚਰਨ ਧੋਣ ਲੱਗ ਜਾਂਦੇ ਹਨ। ਮੁੜ-ਮੁੜਕੇ ਆਪਣੇ ਮੂੰਹੋਂ ਨਿਕਲ ਰਿਹਾ ਹੈ ਕਿ ਅੱਜ ਮੇਰੇ ਭਾਗ ਜਾਗੇ ਹਨ, ਅਜ ਕੋਈ ਪੁਰਬਲੇ ਪੁੰਨ ਪ੍ਰਗਟੇ ਹਨ। ਜਿਸ ਕਰਕੇ ਸੰਤੋਖੀ ਮਿੱਤਰ ਦੇ ਦਰਸ਼ਨ ਹੋਏ ਹਨ।
ਸੁਦਾਮੇ ਦੇ ਪੈਰ ਧੋਂਦੇ ਹੋਇਆਂ ਆਪ ਜੀ ਦੀ ਨਿਗਾਹ ਪੈਰਾਂ ਦੀ ਫਟੀ ਹੋਈ ਬਿਆਈ ਉੱਤੇ ਜਾ ਪਈ। ਪੈਰਾਂ ਦੀਆਂ ਬਿਆਈਆਂ ਨੂੰ ਵੇਖਕੇ, ਪੈਰਾਂ ਵਿਚ ਚੁਭੇ ਹੋਏ ਕੰਡਿਆਂ ਨੂੰ ਵੇਖਕੇ ਸ੍ਰੀ ਕ੍ਰਿਸ਼ਨ ਜੀ ਨੂੰ ਬਹੁਤ ਦੁਖ ਹੋਇਆ। ਉਹ ਆਪਣੇ ਹਿਰਦੇ ਦੀ ਪੀੜਾ ਨੂੰ “ਹਾਇ! ਹਾਇ!” ਕਰਕੇ ਮੂੰਹੋਂ ਬਿਆਨ ਕਰ ਰਹੇ ਸਨ।
ਜਿਹੜਾ ਕ੍ਰਿਸ਼ਨ ਮਹਾਂਭਾਰਤ ਦੇ ਜੰਗ ਵਿੱਚ ਅਰਜਨ ਦਾ ਰਥ ਚਲਾਂਦਾ ਹੋਇਆ, ਅਨੇਕਾਂ ਤੀਰ ਖਾਂਦਾ ਹੈ, ਜਰਾਸਿੰਧ ਤੇ ਖੜਗ ਸਿੰਘ ਨਾਲ ਜੰਗ ਕਰਦਾ ਹੋਇਆ, ਅਨੇਕਾਂ ਤੀਰਾਂ ਦਾ ਨਿਸ਼ਾਨਾ ਬਣ ਕੇ ਵੀ ਮਨ ਨਹੀਂ ਡੋਲਿਆ ਹੁੰਦਾ, ਅੱਜ ਮਿਤ੍ਰ ਦੇ ਦੁਖ ਨੂੰ ਵੇਖਕੇ “ਹਾਇ! ਹਾਇ!” ਪੁਕਾਰ ਰਿਹਾ ਹੈ। ਆਪਣੇ ਦੁਖ ਨਾਲ ਤਾਂ ਹਰ ਕੋਈ ਦੁਖੀ ਹੁੰਦਾ ਹੈ, ਪਰ ਪਰਾਏ ਦੁਖ ਨਾਲ ਦੁਖੀ ਹੋਣ ਵਾਲਾ ਹੀ ਮਹਾਂਪੁਰਖ ਹੈ।
ਸੁਦਾਮੇ ਦੇ ਚਰਨ ਧੋ ਕੇ ਆਪ ਨੇ ਚਰਨਾਂਮ੍ਰਿਤ ਲਿਆ, ਰਾਣੀਆਂ ਨੂੰ ਚਰਨਾਂਮ੍ਰਿਤ ਦਿੱਤਾ ਅਤੇ ਬਾਕੀ ਦਾ ਬਚਿਆ ਚਰਨੋਦਕ ਘਰ ਦੇ ਅੰਦਰ ਰੱਖ ਲਿਆ।
ਫਿਰ ਮਿਤ੍ਰ ਨੂੰ ਆਪਣੇ ਕੋਲ ਸਿੰਘਾਸਨ ਉੱਤੇ ਬਿਠਾਕੇ ਕਿਹਾ:
“ਤੁਸੀਂ ਗੁਰੂ ਸੰਦੀਪਨ ਜੀ ਦੀ ਬੜੀ ਸੇਵਾ ਕੀਤੀ ਸੀ, ਤੁਹਾਡੇ ਦਰਸ਼ਨ ਕਰਕੇ ਮੈਨੂੰ ਸਾਰੀ ਸੇਵਾ ਯਾਦ ਆ ਗਈ ਹੈ।”

ਸੁਦਾਮਾ ਜੀ ਘਰੋਂ ਤੁਰਨ ਵੇਲੇ ਭੇਟਾ ਦੇਣ ਵਾਸਤੇ ਚਾਵਲ ਲੈ ਕੇ ਆਏ ਸਨ, ਪਰ ਇਥੇ ਭਗਵਾਨ ਦੀ ਅਤੁਲ ਰਾਜ ਸੰਪਦਾ ਨੂੰ ਵੇਖ ਕੇ ਸੁਦਾਮੇ ਨੂੰ ਸਾਦੇ ਚਾਵਲ ਦੇਣ ਵਲੋਂ ਲਜਾ ਆ ਰਹੀ ਸੀ। ਪਰ ਕ੍ਰਿਸ਼ਨ ਜੀ ਨੇ ਕਿਹਾ:
“ਭਰਾਤਾ ਜੀ! ਬਹੁਤ ਚਿਰ ਪਿਛੋਂ ਮਿਲੇ ਹੋ। ਮੇਰੇ ਲਈ ਭਾਬੀ ਨੇ ਕੁਝ ਜ਼ਰੂਰ ਭੇਜਿਆ ਹੋਵੇਗਾ, ਤੁਸੀਂ ਮੈਨੂੰ ਕਿਉਂ ਨਹੀਂ ਦੇਂਦੇ? ਮਲੂਮ ਹੁੰਦਾ ਹੈ, ਇਸ ਬਗਲ ਵਿਚ ਕੋਈ ਚੀਜ਼ ਤੁਸੀਂ ਲੁਕਾਕੇ ਰਖੀ ਹੋਈ ਹੈ।”
ਇਹ ਸੁਣਕੇ ਸੁਦਾਮੇ ਜੀ ਨੇ ਬਗਲ ਵਿਚੋਂ ਚਾਵਲਾਂ ਦੀ ਗੰਢ ਕਢੀ ਤੇ ਹੱਥ ਜੋੜ ਕੇ ਕਿਹਾ:
“ਭਗਵਾਨ! ਅਸੀਂ ਅਨਾਥ ਤੁਹਾਨੂੰ ਭੇਟਾ ਦੇਣ ਦੇ ਯੋਗ ਨਹੀਂ ਹਾਂ। ਏਹੋ ਸੋਚ ਕੇ ਮੈਂ ਅਜੇ ਤਕ ਆਪ ਜੀ ਦੇ ਪੇਸ਼ ਨਹੀਂ ਕੀਤੇ ਸਨ।”
ਸ੍ਰੀ ਕ੍ਰਿਸ਼ਨ ਭਗਵਾਨ ਜੀ ਨੇ ਝਪਟ ਕੇ ਉਨ੍ਹਾਂ ਚੌਲਾਂ ਨੂੰ ਲੈ ਕੇ ਚਬਣਾ ਸ਼ੁਰੂ ਕਰ ਦਿੱਤਾ। ਹਰ ਫੱਕੇ ਨਾਲ ਉਹ ਸਲਾਹੁਤਾ ਵੀ ਕਰਦੇ ਤੇ ਅਸ਼ੀਰਵਾਦ ਵੀ ਬਖ਼ਸ਼ਦੇ ਗਏ।
ਸੁਦਾਮਾ ਜੀ ਕੁਝ ਸਮੇਂ ਤੱਕ ਉਥੇ ਠਹਿਰੇ, ਭਗਵਾਨ ਨੇ ਆਪਣੀਆਂ ਪਟਰਾਣੀਆਂ ਸਮੇਤ ਉਨ੍ਹਾਂ ਦੀ ਬਹੁਤ ਸੇਵਾ ਕੀਤੀ। ਜਦ ਵਿਦਾ ਲੈਣ ਦਾ ਸਮਾਂ ਆਇਆ, ਦੋਹਾਂ ਲਈ ਵਿਛੋੜਾ ਬਹੁਤ ਦੁਖਦਾਈ ਸੀ — ਜਿਵੇਂ ਮੱਛੀ ਬਿਨਾ ਪਾਣੀ ਮਰਦੀ ਹੈ, ਓਹੋ ਜਿਹਾ ਦੁਖ ਦੋਵੇਂ ਮਹਿਸੂਸ ਕਰ ਰਹੇ ਸਨ।
ਸੁਦਾਮਾ ਜੀ ਵਿਦਾ ਹੋਏ। ਨਾ ਇਨ੍ਹਾਂ ਨੇ ਉਹਨਾਂ ਤੋਂ ਕੁਝ ਮੰਗਿਆ ਅਤੇ ਨਾ ਹੀ ਉਹਨਾਂ ਨੇ ਪ੍ਰਤਖ ਵਿੱਚ ਇਨ੍ਹਾਂ ਨੂੰ ਕੁਝ ਦਿੱਤਾ, ਅਤੇ ਨਾ ਹੀ ਇਹ ਕਿਹਾ ਕਿ ਤੇਰੀ ਕੰਗਾਲੀ ਦੂਰ ਕਰ ਦਿੱਤੀ ਹੈ, ਘਰ ਜਾਓਗ ਤਾਂ ਸਾਰੇ ਸੁਖ ਭੋਗ ਪ੍ਰਾਪਤ ਕਰੋਗੇ ਆਦਿ। ਇਥੇ ਪ੍ਰਸ਼ਨ ਹੋ ਸਕਦਾ ਹੈ ਕਿ ਸੁਦਾਮੇ ਨੂੰ ਘਰ ਤੋਂ ਇਸਤ੍ਰੀ ਨੇ ਮੰਗਣ ਲਈ ਭੇਜਿਆ ਸੀ, ਫਿਰ ਇਹਨਾਂ ਨੇ ਮੰਗਿਆ ਕਿਉਂ ਨਾ? ਕੀ ਉਸਨੂੰ ਮੰਗਣ ਦੀ ਇਛਾ ਨਹੀਂ ਸੀ ਜਾਂ ਲੱਜਾ ਨਾਲ ਜਾਂ ਮੰਗ ਤੋਂ ਬਿਨਾਂ ਬਹੁਤ ਮਿਲ ਜਾਏਗਾ? ਜਾਂ ਭਗਵਾਨ ਅੰਤਰਜਾਮੀ ਹਨ, ਉਹ ਸਭ ਕੁਝ ਜਾਣਦੇ ਆਦਿ।
ਅਨੇਕਾਂ ਵਿਚਾਰ ਫੁਰ ਸਕਦੇ ਹਨ, ਪਰ ਨਹੀਂ ਇਥੇ ਤਾਂ ਗੱਲ ਹੀ ਹੋਰ ਹੈ। ਉਹ ਤਾਂ ਕੇਵਲ ਭਗਵਾਨ ਦੇ ਦਰਸ਼ਨ ਦੇ ਪਿਆਸੇ ਸਨ, ਧਨ ਦੀ ਉਨ੍ਹਾਂ ਨੂੰ ਕਾਮਨਾ ਹੀ ਨਹੀਂ ਸੀ। ਓਹਨਾਂ ਨੂੰ ਇਸ ਗੱਲ ਦੀ ਭੀ ਭਾਰੀ ਲਜਾ ਸੀ, ਜੋ ਇਹ ਇਸਤ੍ਰੀ ਦੇ ਮਨ ਦੀ ਧਨ ਇਛਾ ਦੀ ਪ੍ਰੇਰਨਾ ਨਾਲ ਆਏ ਸਨ।
ਹੁਣ ਜਦ ਪ੍ਰਤਖ ਵਿੱਚ ਕੁਝ ਨ ਮਿਲਿਆ ਤਾਂ ਵਿਚਾਰ ਕਰਦੇ ਤੁਰੇ ਜਾਂਦੇ ਹਨ:
“ਮੈਂ ਬ੍ਰਾਹਮਣ ਹਾਂ। ਪਰ ਭਗਵਾਨ ਨੇ ਮੈਨੂੰ ਗਲੇ ਲਾ ਲਿਆ। ਜਿੱਥੇ ਲਕਸ਼ਮੀ ਜੀ ਵੱਸਦੀਆਂ ਨੇ, ਉਥੇ ਮੈਂ ਜਿਹਾ ਗਰੀਬ ਮਾਣ ਨਾਲ ਬਿਠਾਇਆ ਗਿਆ। ਰੁਕਮਣੀ ਜੀ ਨੇ ਮੇਰੇ ਪੈਰ ਧੋਏ ਤੇ ਪੱਖਾ ਝਲਿਆ — ਇਹ ਮੇਰੇ ਲਈ ਸਵਰਗ ਵਰਗਾ ਸੀ। ਕਿਥੇ ਮੈਂ ਜਨਮਾਂ-ਜਨਮਾਂ ਦਾ ਕੰਗਾਲ ਅਤੇ ਕਿਥੇ ਲਕਸ਼ਮੀ ਨਿਵਾਸ ਭਗਵਾਨ ਸ੍ਰੀ ਕ੍ਰਿਸ਼ਨ? ਤਦ ਵੀ ਉਹਨਾਂ ਨੇ ਮੈਨੂੰ ਬ੍ਰਾਹਮਣ ਸਮਝਕੇ ਗਲ ਦੇ ਨਾਲ ਲਾ ਲਿਆ ਅਤੇ ਜਿਸ ਤਰ੍ਹਾਂ ਵੱਡੇ ਭਰਾ ਦਾ ਆਦਰ ਤੇ ਸਤਿਕਾਰ ਕੀਤਾ ਜਾਂਦਾ ਹੈ, ਉਸੇ ਤਰਾਂ ਸਗੋਂ ਉਸ ਨਾਲੋਂ ਵੀ ਵਧੀਕ, ਮੈਨੂੰ ਬਿਠਾਇਆ ਅਤੇ ਮੇਰੇ ਰਾਹ ਦੇ ਥਕੇਵੇਂ ਨੂੰ ਦੂਰ ਕਰਨ ਦੇ ਵਾਸਤੇ ਸਾਖਯਾਤ ਲਕਸ਼ਮੀ ਦਾ ਅਵਤਾਰ ਸ੍ਰੀ ਰੁਕਮਣੀ ਜੀ ਮੈਨੂੰ ਪੱਖਾ ਝਲਣ ਲਗੀ ਅਤੇ ਮੇਰੇ ਪੈਰ ਧੋਤੇ। ਪਰਮਾਤਮਾ ਦੀ ਕੀਤੀ ਸੇਵਾ ਸਵਰਗ, ਸੁੱਖ ਤੇ ਧਨ ਸਭ ਕੁਝ ਦੇ ਸਕਦੀ ਹੈ। ਪਰ ਦਿਆਲੂ ਭਗਵਾਨ ਨੇ ਸੋਚਿਆ ਕਿ ਜੇ ਮੈਂ ਇਸ ਗਰੀਬ ਬ੍ਰਾਹਮਣ ਨੂੰ ਬਹੁਤ ਧਨ ਦੇ ਦਿਆਂ, ਤਾਂ ਇਹ ਅਹੰਕਾਰੀ ਹੋ ਜਾਵੇਗਾ ਤੇ ਮੇਰਾ ਭਜਨ ਭੁੱਲ ਜਾਵੇਗਾ। ਇਸ ਲਈ ਓਹਨਾਂ ਨੇ ਮੈਨੂੰ ਧਨ ਨਹੀਂ ਦਿਤਾ।”
ਇਹੀ ਭਗਤ ਦੀ ਸੱਚੀ ਭਾਵਨਾ ਹੈ। ਜਿਹੜੇ ਲੋਕ ਧਨ ਨਾ ਮਿਲਣ ਤੇ ਭਗਵਾਨ ਨੂੰ ਕੋਸਦੇ ਹਨ, ਉਹ ਧਨ ਦੇ ਹੀ ਭਗਤ ਹਨ — ਭਗਵਾਨ ਦੇ ਨਹੀਂ। ਉਹਨਾਂ ਲਈ ਭਗਵਾਨ ਸਿਰਫ਼ ਧਨ ਪਾਉਣ ਦਾ ਸਾਧਨ ਬਣ ਜਾਂਦਾ ਹੈ।
ਹੇ ਆਪ ਨੂੰ ਭਗਤ ਕਹਾਉਣ ਵਾਲਿਓ! ਵੇਖੋ, ਇੱਕ ਵਾਰ ਸੁਦਾਮੇ ਦੇ ਹਿਰਦੇ ਵੱਲ ਅੱਖ ਭਰ ਕੇ ਅਤੇ ਦੂਜੀ ਵਾਰੀ ਆਪਣੇ ਹਿਰਦੇ ਦਾ ਪਰਦਾ ਹਟਾ ਕੇ ਵੇਖੋ। ਘਰ ਵਿੱਚ ਅੰਨ ਦਾ ਦਾਣਾ ਨਹੀਂ ਹੈ, ਪਾਉਣ ਵਾਸਤੇ ਪੰਜ ਹੱਥ ਲੰਮਾ ਕਪੜਾ ਨਹੀਂ ਹੈ, ਰਹਿਣ ਵਾਸਤੇ ਘਾਸ ਫੂਸ ਦੀ ਝੋਂਪੜੀ ਵੀ ਸਾਬਤ ਨਹੀਂ ਹੈ। ਬੱਚੇ ਦਾਣੇ-ਦਾਣੇ ਨੂੰ ਤਰਸ ਰਹੇ ਹਨ। ਕੰਗਾਲੀ ਨੇ ਪ੍ਰਤੱਖ ਰੂਪ ਧਾਰ ਕੇ ਪਰਿਵਾਰ ਨੂੰ ਚੌਹਾਂ ਪਾਸਿਆਂ ਤੋਂ ਘੇਰਾ ਪਾਇਆ ਹੋਇਆ ਹੈ। ਏਨਾ ਕੁਝ ਹੋਣ ਤੇ ਵੀ ਮੰਗਣ ਦੀ ਇੱਛਾ ਨਹੀਂ ਹੈ। ਇਸਤਰੀ ਦੇ ਕਹਿਣ ਨਾਲ ਆਏ ਸਨ, ਪਰ ਮੰਗਣ ਦਾ ਹੌਸਲਾ ਨਹੀਂ ਪੈਂਦਾ, ਖਿਆਲ ਹੀ ਨਹੀਂ ਫੁਰਦਾ। ਇਹ ਨਹੀਂ ਸੋਚਿਆ ਕਿ ਘਰ ਵਿੱਚ ਬੱਚਿਆਂ ਦੀ ਕੀ ਹਾਲਤ ਹੋਵੇਗੀ? ਇਸਤਰੀ ਨੂੰ ਜਾ ਕੇ ਕੀ ਕਹਾਂਗਾ? ਰਾਜਿਆਂ ਦੇ ਰਾਜੇਸ਼ਰ ਪਰਮ ਮਿੱਤ੍ਰ ਕੋਲੋਂ ਜਾ ਕੇ ਉਸ ਇਸਤਰੀ ਨੂੰ ਕੀ ਉੱਤਰ ਦੇਵਾਂਗਾ, ਜਿਸਨੇ ਆਪਣੇ ਅਤੇ ਬੱਚਿਆਂ ਦੇ ਭੁੱਖੇ ਪੇਟ ਨੂੰ ਵੇਖਕੇ ਮਿੱਤਰ ਦੇ ਬੂਹੇ ਤੇ ਭੇਜਿਆ ਸੀ? ਜਿਸ ਦੇ ਤਨ ਉੱਤੇ ਕੋਈ ਸਾਬਤ ਕਪੜਾ ਵੀ ਨਹੀਂ ਹੈ। ਇਹ ਕੋਈ ਥੋੜੀ ਗੱਲ ਨਹੀਂ ਹੈ। ਵੱਡੇ ਧੀਰਜ ਵਾਲੇ ਵੀ ਅਜੇਹੀ ਹਾਲਤ ਵਿੱਚ ਧੀਰਜ ਛੱਡ ਬੈਠਦੇ ਹਨ। ਪਰ ਧੰਨ ਹੈ ਸੁਦਾਮਾ ਜੋ ਅੱਜ ਧਨ ਦੇ ਨਾ ਮਿਲਣ ਕਰਕੇ ਪ੍ਰਸੰਨ ਮਨ ਨਾਲ ਜਾ ਰਹੇ ਹਨ ਅਤੇ ਕਹਿੰਦਾ ਹੈ – ਇਹ ਪਰਮਾਤਮਾ ਦੀ ਕ੍ਰਿਪਾ ਹੈ ਜੋ ਉਨ੍ਹਾਂ ਨੇ ਮੈਨੂੰ ਧਨ ਨਹੀਂ ਦਿੱਤਾ। ਜੇ ਧਨ ਮਿਲ ਜਾਂਦਾ ਤਾਂ ਮੈਂ ਅਹੰਕਾਰ ਦੇ ਖਾਤੇ ਵਿੱਚ ਡਿੱਗ ਕੇ ਭਗਤੀ ਤੋਂ ਵਾਂਝਿਆ ਜਾਂਦਾ। ਅਜਿਹੀ ਭਾਵਨਾ ਵਾਲੇ ਭਗਤ ਧੰਨ ਹਨ।
ਸੁਦਾਮੇ ਨੂੰ ਤਾਂ ਕੋਈ ਕਾਮਨਾ ਨਹੀਂ ਸੀ। ਉਹ ਤਾਂ ਨਿਸ਼ਕਾਮ ਸਨ, ਪਰ ਉਹਨਾਂ ਦੀ ਇਸਤਰੀ ਅਤੇ ਬੱਚੇ ਭੁੱਖੇ ਮਰਦੇ ਹਨ। ਇਸ ਗੱਲ ਨੂੰ ਭਗਵਾਨ ਕਿਵੇਂ ਸਹਾਰ ਸਕਦਾ ਹੈ?
ਭਗਵਾਨ ਦਾ ਸੁਭਾਉ ਹੈ ਕਿ ਉਹ ਆਪਣੇ ਭਗਤਾਂ ਦੀ ਭਾਵਨਾ ਕਦੇ ਅਧੂਰੀ ਨਹੀਂ ਛੱਡਦਾ। ਸੁਦਾਮਾ ਤਾਂ ਨਿਸ਼ਕਾਮ (ਬਿਨਾਂ ਲਾਲਚ) ਭਗਤ ਸੀ, ਪਰ ਉਸਦੀ ਪਤਨੀ ਦੇ ਮਨ ਵਿੱਚ ਇੱਕ ਛੋਟੀ ਜਿਹੀ ਕਾਮਨਾ ਜਾਗੀ ਕਿ ਘਰ ਵਿੱਚ ਸੁਖ-ਸਮ੍ਰਿੱਧੀ ਆਵੇ।
ਭਗਵਾਨ ਨੇ ਉਸ ਸੰਕਲਪ ਨੂੰ ਵੀ ਆਪਣਾ ਕਰਤਵ ਸਮਝ ਕੇ ਪੂਰਾ ਕੀਤਾ। ਜਿਵੇਂ ਧ੍ਰੁਵ ਤੇ ਵਿਭੀਸ਼ਣ ਪਹਿਲਾਂ ਸੰਸਾਰਕ ਇੱਛਾਵਾਂ ਲੈ ਕੇ ਭਗਵਾਨ ਕੋਲ ਗਏ ਸਨ, ਪਰ ਦਰਸ਼ਨ ਮਿਲਣ ਨਾਲ ਉਹਨਾਂ ਦੀਆਂ ਕਾਮਨਾਵਾਂ ਖਤਮ ਹੋ ਗਈਆਂ ਤੇ ਉਨ੍ਹਾਂ ਨੂੰ ਭਗਤੀ ਤੇ ਮੋਖ ਦੋਵੇਂ ਮਿਲੇ — ਓਹੋ ਜਿਹੀ ਕਿਰਪਾ ਸੁਦਾਮਾ ਉੱਤੇ ਵੀ ਹੋਈ।
ਵਿਸ਼ਕਰਮਾਂ ਨੂੰ ਹੁਕਮ ਹੋਇਆ, ਤੇ ਰਾਤੋਂ-ਰਾਤ ਸੁਦਾਮੇ ਦੀ ਟੁੱਟੀ ਝੋਂਪੜੀ ਸੋਨੇ ਦੇ ਮਹੱਲਾਂ ਵਾਲੇ ਨਗਰ ਵਿੱਚ ਬਦਲ ਗਈ।
ਇਹ ਭਗਵਾਨ ਦੀ ਕ੍ਰਿਪਾ ਦੀ ਗਹਿਰਾਈ ਦੱਸਦੀ ਹੈ — ਉਹ ਭਗਤ ਦੀ ਭਾਵਨਾ ਦੇ ਨਾਲ ਨਾਲ ਉਸਦੇ ਪਰਿਵਾਰ ਦੀ ਲੋੜ ਵੀ ਪੂਰੀ ਕਰਦਾ ਹੈ।
ਸੁਦਾਮਾ ਜੀ ਆਪਣੇ ਨਗਰ ਦੇ ਕੋਲ ਪਹੁੰਚ ਕੇ ਵੇਖਦੇ ਹਨ ਕਿ ਉਥੇ ਉਨ੍ਹਾਂ ਦੀ ਝੋਂਪੜੀ ਦਾ ਕੋਈ ਨਿਸ਼ਾਨ ਵੀ ਨਹੀਂ ਹੈ। ਇਥੇ ਕੱਖਾਂ ਦੀ ਕੁਲੀ ਸੀ, ਉਥੇ ਅੱਜ ਸੂਰਜ, ਅੱਗ ਅਤੇ ਚੰਦਰਮਾ ਨਾਲੋਂ ਵੀ ਪ੍ਰਕਾਸ਼ ਵਾਲੇ ਵੱਡੇ ਉੱਚੇ-ਉੱਚੇ ਮਹੱਲ ਬਣੇ ਹੋਏ ਹਨ। ਉਨ੍ਹਾਂ ਦੇ ਆਸ-ਪਾਸੇ ਬਾਗ-ਬਗੀਚੇ ਲਗੇ ਹੋਏ ਹਨ, ਅਨੇਕਾਂ ਪੰਛੀ ਅਨੇਕਾਂ ਤਰਾਂ ਦੇ ਕਲੋਲ ਕਰਦੇ ਹੋਏ ਆਪਣੇ ਮਿੱਠੇ-ਮਿੱਠੇ ਗੀਤਾਂ ਨਾਲ ਮਨੁੱਖਾਂ ਦੇ ਮਨ ਨੂੰ ਮੋਹਿਤ ਕਰ ਰਹੇ ਹਨ। ਅਨੇਕ ਤਰਾਂ ਦੇ ਫਲ ਖਿੜ ਰਹੇ ਹਨ। ਮਹੱਲਾਂ ਵਿੱਚ ਅਲੋਕਿਕ ਗਹਿਣੇ ਕਪੜਿਆਂ ਨਾਲ ਸਜੇ ਹੋਏ ਅਨੇਕਾਂ ਇਸਤਰੀਆਂ ਤੇ ਪੁਰਸ਼ ਇੱਧਰ-ਉੱਧਰ ਫਿਰ ਰਹੇ ਹਨ।
ਸੁਦਾਮਾ ਜੀ ਇਹ ਕੁਝ ਵੇਖਕੇ ਦੰਗ ਰਹਿ ਗਏ। ਉਹਨਾਂ ਨੇ ਸੋਚਿਆ, ਮੇਰੀ ਟੁੱਟੀ ਝੋਂਪੜੀ ਕਿੱਥੇ ਗਈ? ਕੀ ਮੈਂ ਸੁਪਨਾ ਵੇਖ ਰਿਹਾ ਹਾਂ? ਜਾਂ ਮੈਂ ਕਿਸੇ ਹੋਰ ਸ਼ਹਿਰ ਵਿੱਚ ਆ ਗਿਆ ਹਾਂ?
ਸੁਦਾਮਾ ਜੀ ਨਗਰ ਦੀ ਚਮਕ-ਦਮਕ ਵੇਖਕੇ ਘਬਰਾਉਂਦੇ ਹਨ ਅਤੇ ਫਿਰ ਆਪਣੀ ਝੋਂਪੜੀ ਦੀਆਂ ਚੀਜ਼ਾਂ ਨੂੰ ਯਾਦ ਕਰਕੇ ਸੋਚਦੇ ਹਨ, ਸਭ ਕਿੱਥੇ ਚਲੀਆਂ ਗਈਆਂ? ਉਨ੍ਹਾਂ ਵਿੱਚੋਂ ਕੋਈ ਵੀ ਇੱਥੇ ਨਜ਼ਰ ਨਹੀਂ ਆਉਂਦੀ।
ਇਹ ਸਭ ਚੀਜ਼ਾਂ ਤਾਂ ਜਿੱਥੇ ਗਈਆਂ ਸੋ ਗਈਆਂ। ਪਰ ਸ਼ੀਲਾ ਅਤੇ ਬੱਚੇ ਵੀ ਤਾਂ ਕਿਤੇ ਨਜ਼ਰ ਨਹੀਂ ਆਉਂਦੇ। ਉਹ ਕਿੱਥੇ ਚਲੇ ਗਏ?
ਸੁਦਾਮਾ ਜੀ ਇਸ ਤਰ੍ਹਾਂ ਸੋਚ ਹੀ ਰਹੇ ਸਨ ਕਿ ਕੁਝ ਨਰ-ਨਾਰੀਆਂ ਉਨ੍ਹਾਂ ਕੋਲ ਆਏ, ਉਹਨਾਂ ਵਿੱਚ ਦੇਵਤੇ-ਦੇਵੀਆਂ ਵਰਗਾ ਤੇਜ ਅਤੇ ਸ਼ੋਭਾ ਸੀ। ਉਹਨਾਂ ਨੇ ਸੁਦਾਮਾ ਜੀ ਨੂੰ ਪੁੱਛਿਆ, “ਤੁਸੀਂ ਕੀ ਸੋਚ ਰਹੇ ਹੋ?”
ਚੱਲੋ, ਜੀਉ ਆਇਆਂ ਨੂੰ, ਇਹ ਆਪ ਜੀ ਦਾ ਹੀ ਸ਼ਹਿਰ ਅਤੇ ਮਹੱਲ ਹੈ।
ਪਤੀ ਦਾ ਸੁਭਾਗਮਨ ਸੁਣ ਕੇ, ਸੁਦਾਮਾ ਜੀ ਦੀ ਪਤਨੀ ਆਪਣੀ ਲਕਸ਼ਮੀ ਵਰਗੀ ਸੋਭਾ ਅਤੇ ਸੁੰਦਰ ਗਹਿਣਿਆਂ ਨਾਲ ਸਜ ਕੇ ਸਾਹਮਣੇ ਆਈ। ਪਤੀ ਨੂੰ ਦੇਖ ਕੇ ਉਸ ਦੀਆਂ ਅੱਖਾਂ ਵਿੱਚੋਂ ਪਿਆਰ ਭਰੇ ਆਂਸੂ ਵਗਣ ਲੱਗੇ। ਸੁਦਾਮਾ ਜੀ ਇਹ ਵੇਖ ਕੇ ਹੈਰਾਨ ਰਹਿ ਗਏ ਅਤੇ ਆਪਣੀ ਪਤਨੀ ਦੇ ਨਾਲ ਉਸ ਵੱਡੇ ਅਧਬੁੱਧ ਮਹਲ ਵਿੱਚ ਪ੍ਰਵੇਸ਼ ਕੀਤਾ।
ਸੁਦਾਮਾ ਜੀ ਸਾਰੇ ਰਹੱਸ ਨੂੰ ਸਮਝ ਕੇ ਮਨ ਹੀ ਮਨ ਵਿੱਚ ਕਹਿਣ ਲੱਗੇ:
“ਵਾਹ ਭਗਵਾਨ! ਇਹ ਸਭ ਤੇਰੀ ਲੀਲਾ ਹੈ। ਤੂੰ ਮੇਰਾ ਸੱਚਾ ਮਿੱਤਰ ਹੈਂ – ਬਿਨਾਂ ਮੰਗੇ ਹੀ ਸਭ ਕੁਝ ਦੇ ਕੇ ਮੇਰਾ ਮਨ ਖੁਸ਼ ਕਰ ਦਿੰਦਾ ਹੈ। ਪਰ ਇਹ ਧਨ ਮੈਨੂੰ ਨਹੀਂ ਚਾਹੀਦਾ। ਮੇਰੀ ਅਰਦਾਸ ਹੈ ਕਿ ਜਨਮ-ਜਨਮਾਂਤਰ ਤੱਕ ਮੈਂ ਸਿਰਫ਼ ਤੇਰਾ ਸੱਚਾ ਸਖਾ ਅਤੇ ਭਗਤ ਰਹਾਂ। ਇਹ ਮਹਾਨ ਸੰਪਦਾ, ਇਹ ਰਾਜਸੀ ਧਨ ਨਹੀਂ, ਪਰ ਤੇਰੀ ਸਰਬ-ਗੁਣ-ਭਰੀ ਨਿਰਮਲ ਭਗਤੀ ਅਤੇ ਤੇਰੇ ਭਗਤਾਂ ਨਾਲ ਪਵਿੱਤਰ ਸੰਗ – ਇਹੀ ਮੇਰੀ ਖ਼ਾਹਿਸ਼ ਹੈ।”
ਭਗਤ ਰਾਜ ਸੁਦਾਮਾ ਜੀ ਨੇ ਸੰਸਾਰ ਵਿੱਚ ਰਹਿੰਦੇ ਹੋਇਆਂ ਈਸ਼ਵਰ ਸਿਮਰਨ ਵਿੱਚ ਮਨ ਲਗਾਕੇ ਸਹਿਜੇ ਵਿਸ਼ਿਆਂ ਦਾ ਤਿਆਗ ਕਰਕੇ ਅੰਤ ਵਿੱਚ ਭਗਵਾਨ ਦੇ ਧਿਆਨ ਵਿੱਚ ਆਪਣੇ ਅਹੰਕਾਰ ਨੂੰ ਬਿਲਕੁਲ ਦੂਰ ਕਰ ਦਿੱਤਾ ਅਤੇ ਉਹ ਛੇਤੀ ਹੀ ਬ੍ਰਹਮ ਗਿਆਨੀ ਦੇ ਸਥਾਨ, ਉਸ ਨਿਰਮਲ ਬ੍ਰਹਮ ਸਰੂਪ ਨੂੰ ਪ੍ਰਾਪਤ ਹੋ ਗਏ।
ਭਾਈ ਗੁਰਦਾਸ ਜੀ ਨੇ ਭਗਤ ਸੁਦਾਮਾ ਜੀ ਦੇ ਪ੍ਰਸੰਗ ਨੂੰ ਇਸ ਤਰ੍ਹਾਂ ਨਾਲ ਇਕ ਪਉੜੀ ਵਿਚ ਵਰਣਨ ਕੀਤਾ ਹੈ:
ਬਿਪ ਸੁਦਾਮਾਂ ਦਾਲਦੀ ਬਾਲ ਸਖਾਈ ਮਿੱਤ੍ਰ ਸਦਾਏ।।
ਲਾਗੂ ਹੋਈ ਬਾਮ੍ਹਣੀ ਮਿਲ ਜਗਦੀਸ ਦਲਿਦ੍ਰ ਗਵਾਏ।।
ਚਲਿਆ ਗਿਣਦਾ ਗਟੀਆਂ ਕਿਉਂ ਕਹਿ ਜਾਈਐ ਕੌਣ ਮਿਲਾਏ।।
ਪਹੁਤਾ ਨਗਰ ਦੁਆਰਕਾ ਸਿੰਘ ਦੁਆਰਿ ਖਲੋਤਾ ਜਾਏ।।
ਦੂਰਹੁੰ ਦੇਖਿ ਡੰਡਉਤ ਕਰਿ ਛਡਿ ਸਿੰਘਾਸਣ ਹਰਿ ਜੀ ਆਏ।।
ਪਹਿਲੇ ਦੇਇ ਪਰਦਖਣਾ ਪੈਰੀਂ ਪੈ ਕੈ ਲੈ ਗਲਿ ਲਾਏ।।
ਚਰਣੋਦਕ ਲੈ ਪੈਰ ਧੋਇ ਸਿੰਘਾਸਣ ਉਤੈ ਬੈਠਾਏ।।
ਪੁਛੇ ਕੁਸਲ ਪਿਆਰ ਕਰਿ ਗੁਰ ਸੇਵਾ ਦੀ ਕਥਾ ਸੁਣਾਏ।।
ਲੈ ਕੇ ਤੰਦੁਲ ਚਬਿਓਨੁ ਵਿਦਾ ਕਰੈ ਅਗੈ ਪਹੁੰਚਾਏ।।
ਚਾਰ ਪਦਾਰਥ ਸਕੁਚਿ ਪਠਾਏ ॥੯॥