ਰੱਬ ਦੀ ਰਜ਼ਾ: Manifestation ਦੇ ਪਿੱਛੇ ਦੀ ਅਸਲ ਹਕੀਕਤ (Part -2)

➡️ ਪਹਿਲੇ ਭਾਗ ਵਿੱਚ ਅਸੀਂ ਪੜ੍ਹਿਆ ਸੀ ਕਿ ਮੈਨੀਫੈਸਟੇਸ਼ਨ — ਮਨ, ਭਾਵਨਾ, ਵਿਸ਼ਵਾਸ ਅਤੇ ਐਕਸ਼ਨ ਦੀ ਅੰਦਰੂਨੀ ਤਾਲਮੇਲ ਹੈ। ਪਰ ਇਹ ਸਿਰਫ਼ ਅੱਧੀ ਕਹਾਣੀ ਸੀ।

ਇਸ ਤੋਂ ਉੱਪਰ ਇਕ ਹੋਰ ਵੱਡੀ ਹਕੀਕਤ ਖੜੀ ਹੈ — ਰੱਬ ਦੀ ਰਜ਼ਾ

ਮਨੁੱਖੀ ਚਾਹਤ vs ਰੱਬ ਦਾ ਭਾਣਾ

ਗੁਰੂ ਸਾਹਿਬ ਕਹਿੰਦੇ ਹਨ:

ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ।।

(ਮਨੁੱਖ ਕੁਝ ਹੋਰ ਚਾਹੁੰਦਾ ਹੈ, ਪਰ ਹੁੰਦਾ ਕੁਝ ਹੋਰ ਹੀ ਹੈ।)

ਜਿਸ ਪਲ ਇਹ ਗੱਲ ਮਨ ਵਿਚ ਵੱਸ ਜਾਂਦੀ ਹੈ — ਇਨਸਾਨ ਦੀ ਕਮਾਂਡ ਸਟੇਜ ਤੋਂ ਥੱਲੇ ਆਉਂਦੀ ਹੈ। ਉਹ ਸਮਝਦਾ ਹੈ ਕਿ:
ਜੋ ਮੈਂ ਸੋਚ ਰਿਹਾ ਹਾਂ, ਉਹ ਮੇਰੀ ਤਾਕਤ ਨਹੀਂ — ਮੇਰੀ ਇਜਾਜ਼ਤ ਹੈ।
ਪਰ ਜੋ ਵਾਪਰ ਰਿਹਾ ਹੈ — ਉਹ ਰੱਬ ਦੀ ਰਜ਼ਾ ਹੈ।

ਰੱਬ ਦੀ ਹਜ਼ੂਰੀ — ਮੌਜੂਦ ਸੀ, ਹੈ, ਰਹੇਗੀ

ਕਈ ਲੋਕ ਕਹਿ ਦਿੰਦੇ ਨੇ: “ਅਸੀਂ ਤਾਂ ਰੱਬ ਨੂੰ ਮੰਨਦੇ ਹੀ ਨਹੀਂ।” ਪਰ ਨਾ ਮੰਨਣ ਨਾਲ ਕੀ ਰੱਬ ਮਿਟ ਜਾਂਦਾ?

ਜਿਵੇਂ ਸੂਰਜ ਵੱਲ ਪਿੱਠ ਮੋੜਣ ਨਾਲ ਰੋਸ਼ਨੀ ਨਹੀਂ ਮੁੱਕਦੀ, ਓਸੇ ਤਰ੍ਹਾਂ ਰੱਬ ਦੀ ਹਜ਼ੂਰੀ ਹਰੇਕ ਜੀਵ ਵਿੱਚ ਮੌਜੂਦ ਰਹਿੰਦੀ ਹੈ — ਭਾਵੇਂ ਕੋਈ ਮੰਨੇ ਜਾਂ ਨਾ।

➡️ ਮਨ ਸਦਾ ਕੁਝ ਨਾ ਕੁਝ ਚਾਹੁੰਦਾ ਰਹਿੰਦਾ ਹੈ।

“ਮੈਨੂੰ ਇਹ ਚਾਹੀਦਾ ਏ… ਮੈਨੂੰ ਓਹ ਚਾਹੀਦਾ ਏ…”

ਪਰ ਜਿਉਂ ਜਿਉਂ ਨਾਮ ਵਸਦਾ ਏ, ਇੱਛਾਵਾਂ ਦੀ ਥਾਂ ਭਰੋਸਾ ਆ ਜਾਂਦਾ ਏ:

ਜੋ ਤੂੰ ਦੇਂਦਾ ਏ, ਓਹੀ ਸਹੀ ਏ।”

ਜਿੰਦਗੀ ਵਿੱਚ ਫਿਰ ਉਲਝਣਾਂ ਖੁੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੋ ਮਨ ਨੇ ਬਣਾਈਆਂ ਹੁੰਦੀਆਂ। ਨਾਮ ਜਪਦਿਆਂ ਜਦ ਇਹ ਅੰਦਰੋਂ ਆਉਂਦੀ ਲਗਨ ਬਣਦੀ ਹੈ, ਫਿਰ ਕਰਮ ਵੀ ਆਤਮਿਕ ਹੋ ਜਾਂਦੇ ਨੇ।

ਕਰਮ & ਰਜ਼ਾ: ਦੋਵਾਂ ਦੇ ਵਿਚਕਾਰ ਦੀ ਗੱਲ

ਕਈ ਵਾਰੀ ਲੋਕ ਪੁੱਛਦੇ ਨੇ:“

“ਜੇ ਸਭ ਕੁਝ ਰੱਬ ਦੀ ਰਜ਼ਾ ਅਨੁਸਾਰ ਹੋਣਾ ਹੈ, ਤਾਂ ਕਰਮਾਂ ਦਾ ਕੀ ਰੋਲ?”

➡️ ਸਪਸ਼ਟ ਜਵਾਬ:

ਕਰਮ ਸਾਡੇ ਹੱਥ ਵਿੱਚ ਨੇ, ਪਰ ਨਤੀਜੇ — ਰੱਬ ਦੇ ਭਾਣੇ ਅਨੁਸਾਰ ਮਿਲਦੇ ਨੇ।

ਇਸੇ ਕਰਕੇ, ਚੰਗਾ ਕਰਮ ਕਰਨਾ — ਫਰਜ਼ ਹੈ। ਨਤੀਜੇ ਉੱਤੇ ਹੱਕ ਨਹੀਂ।

ਰੱਬ ਦੀ ਰਜ਼ਾ ਕਿਸੇ ਫਾਰਮੂਲੇ ਦੀ ਮੁਹਤਾਜ਼ ਨਹੀਂ

ਕਈ ਵਾਰੀ ਤੁਸੀਂ ਦਿਲੋਂ ਚਾਹੁੰਦੇ ਹੋ ਕਿ ਕੋਈ ਚੀਜ਼ ਮਿਲ ਜਾਵੇ — ਪਰ ਨਹੀਂ ਮਿਲਦੀ

ਤੇ ਕਈ ਵਾਰੀ ਬਿਨਾਂ ਮੰਗੇ ਹੀ ਕੁਝ ਚੰਗਾ ਵਾਪਰ ਜਾਂਦਾ ਹੈ।

ਇਹ ਰੱਬ ਦੀ ਰਜ਼ਾ ਹੈ — ਜੋ ਕਿਸੇ ਫਾਰਮੂਲੇ, ਮੈਨੀਫੈਸਟੇਸ਼ਨ ਜਾਂ visualization ਦੇ ਅਧੀਨ ਨਹੀਂ।

ਮਾਇਆ ਤੇ ਚਾਹਤਾਂ ਦੀ ਦੌੜ

ਅਸੀਂ ਦੁਨਿਆਵੀ ਚੀਜ਼ਾਂ ਵੱਲ ਭੱਜਦੇ ਹਾਂ — ਤੇ ਉਹ ਸਾਡੇ ਅੱਗੇ ਭੱਜਦੀਆਂ ਹਨ।

ਜੋ ਮਿਲਦਾ ਵੀ ਏ — ਥੋੜ੍ਹੀ ਦੇਰ ਚੰਗਾ ਲੱਗਦਾ, ਫਿਰ ਮਨ ਆਖਦਾ: “ਅਜੇ ਵੀ ਕੁਝ ਕਮੀ ਹੈ।”

ਇਸ ਤਰ੍ਹਾਂ ਨਵੀਆਂ ਚਾਹਤਾਂ ਜਨਮ ਲੈ ਲੈਂਦੀਆਂ ਹਨ।

ਇਹ ਮਾਇਆ ਦੀ ਖੇਡ ਹੈ — ਲਾਲਚ, ਹੰਕਾਰ, ਡਰ — ਸਾਰੇ ਮਨ ਤੋਂ ਉੱਠਦੇ ਨੇ। ਸੰਤੁਸ਼ਟੀ ਕਿਸੇ ਚੀਜ਼ ਵਿੱਚ ਨਹੀਂ — ਸਿਰਫ਼ ਅੰਦਰਲੇ ਭਰੋਸੇ ਵਿੱਚ ਹੈ

ਸਮਰਪਣ ਰਾਹੀਂ ਅਨੋਖੇ ਰਾਹ ਖੁਲਦੇ ਹਨ

ਜਦ ਅਸੀਂ:

  • ਆਪਣਾ ਮਨ,
  • ਰੋਲੇ,
  • ਚਾਹਤ — ਸਭ ਕੁਝ ਉਸਦੇ ਹਵਾਲੇ ਕਰ ਦਿੰਦੇ ਹਾਂ, ਉਦੋਂ ਉਹ ਰਾਹ ਖੁਲਦੇ ਹਨ ਜੋ ਅਸੀਂ ਕਦੇ ਸੋਚੇ ਵੀ ਨਹੀਂ ਹੁੰਦੇ।

ਪਰਮਾਤਮਾ ਨੂੰ ਸਮਝਣਾ — ਇੱਕ ਮਨੁੱਖੀ ਦਿਮਾਗ ਦੀ ਕੀ ਔਕਾਤ ਹੈ? ਪਰਮਾਤਮਾ ਦੀ ਬਣਾਈ ਹੋਈ ਕਾਇਨਾਤ (Universe) ਨੂੰ ਪੂਰੀ ਤਰ੍ਹਾਂ ਕੌਣ ਸਮਝ ਸਕਦਾ?

ਅੱਜ ਦੀ ਸਾਇੰਸ ਵੀ ਆਖ ਰਹੀ ਹੈ ਕਿ ਯੂਨੀਵਰਸ ਦੀ ਕੋਈ ਹੱਦ ਨਹੀਂ। ਇਹ ਇਕ ਸਕਿੰਟ ਵਿੱਚ ਬਿਲੀਅਨ ਕਿਲੋਮੀਟਰ ਤੱਕ ਫੈਲ ਜਾਂਦਾ ਹੈ।

ਵੈਦ, ਰਿਸ਼ੀ, ਗਣਿਤ, ਅੰਕੜੇ, ਕਿਤਾਬਾਂ — ਸਾਰੇ ਥੱਕ ਗਏ, ਪਰ ਉਸਦੀ ਹੱਦ ਨਹੀਂ ਪਾ ਸਕੇ। ਫਿਰ ਕਿਵੇਂ ਸੋਚ ਲਈਏ ਕਿ ਉਸਨੂੰ ਆਪਣੀ ਸੋਚ ਅਨੁਸਾਰ ਚਲਾ ਲਵਾਂਗੇ?

ਇੱਕ ਵਾਰ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਪੁੱਛਿਆ:

“ਜੇ ਤੇਰਾ ਆਖਰੀ ਸਮਾਂ ਆ ਗਿਆ ਹੋਵੇ — ਤੂੰ ਕਿੰਨੇ ਸਵਾਸ ਲੈਣਾ ਚਾਹੇਂਗਾ?”

ਮਰਦਾਨਾ ਜੀ: “ਮਹਾਰਾਜ, ਦੋ-ਤਿੰਨ ਤਾਂ ਖਿੱਚ ਹੀ ਲਵਾਂਗਾ ਮਰਦੇ – ਮਰਦੇ ਵੀ!”

ਗੁਰੂ ਸਾਹਿਬ ਹੱਸ ਪਏ ਤੇ ਆਖਿਆ: “ਮਰਦਾਨਾ ਜੀ, ਜੋ ਇਕ ਸਵਾਸ ਅਸੀਂ ਅੰਦਰ ਖਿੱਚਿਆ, ਇਹ ਬਾਹਰ ਆਏਗਾ ਜਾਂ ਨਹੀਂ — ਇਹਦਾ ਵੀ ਭਰੋਸਾ ਨਹੀਂ।”

ਇਹ ਸਭ ਉਸਦੇ ਹੱਥ ਵਿਚ ਹੈ।

ਮਨੁੱਖ ਦਾ ਜਨਮ:

  • ਘਰ ਬਣਾਉਣ,
  • ਦੌਲਤ ਜੋੜਣ
  • ਜਾਂ ਖ਼ੁਆਬ ਪੂਰੇ ਕਰਨ ਲਈ ਹੀ ਤਾਂ ਨਹੀਂ ਹੋਇਆ।

ਅਸਲ ਮਕਸਦ — ਆਪਣੇ ਮੂਲ ਨੂੰ ਪਛਾਣਨਾ ਹੈ। ਅਸੀਂ ਰੱਬ ਦਾ ਹੀ ਇੱਕ ਹਿੱਸਾ ਹਾਂ, ਓਹਦੇ ਚੋ’ ਹੀ ਨਿਕਲੇ ਹੋਏ ਹਾਂ।

ਜਦ ਅਸੀਂ ਅੰਦਰ ਵੱਲ ਮੁੜਦੇ ਹਾਂ — ਸਾਡੀਆਂ ਗੱਲਾਂ, ਕਰਮ, ਤੇ ਸਮਝ ‘ਚ ਰੱਬੀ ਤਾਕਤ ਆ ਜਾਂਦੀ ਹੈ।

ਇਹੀ ਮੈਨੀਫੈਸਟੇਸ਼ਨ ਦੀ ਅਸਲ ਜੜ੍ਹ ਹੈ।

ਇਹਦੀ ਹਕੀਕਤ ਗਹਿਰੀ ਹੈ — ਇਹ ਤਦ ਹੀ ਦਿਖਾਈ ਦਿੰਦੀ ਹੈ ਜਦ ਮਨੁੱਖ ਆਪਣੇ ਹੰਕਾਰ ਤੋਂ ਉੱਤੇ ਚਲਾ ਜਾਂਦਾ ਹੈ ਅਤੇ ਰੱਬ ਦੇ ਭਾਣੇ ਵਿਚ ਲੀਨ ਹੋ ਜਾਂਦਾ ਹੈ। ਫਿਰ ਉੱਥੇ ਜਾ ਕੇ ਕਰਮ ਵੀ ਆਤਮਕ ਹੋ ਜਾਂਦੇ ਹਨ।

ਆਪਾਂ ਕਈ ਸਾਧੂ, ਸੰਤ, ਮਹਾਂਪੁਰਸ਼ ਵੇਖਦੇ ਹਾਂ — ਉਹਨਾਂ ਦੇ ਮੂੰਹੋਂ ਇੱਕ ਨਿਕਲਿਆ ਬੋਲ ਵੀ ਤੀਰ ਵਾਂਗ ਚਲਦਾ। ਜਿਹੜਾ ਬਚਨ ਮੂੰਹੋ ਨਿਕਲਦਾ ਉਹ ਪੂਰਾ ਹੋ ਜਾਂਦਾ। ਇਹ ਕਿਸੇ ਤਕਨੀਕ ਦਾ ਨਤੀਜਾ ਨਹੀਂ, ਉੱਚ ਅਵਸਥਾ ਦਾ ਫਲ ਹੈ –ਜਿੱਥੇ ਕਰਮ ਰੱਬ ਦੀ ਰਜ਼ਾ ਵਿਚੋਂ ਨਿਕਲਦੇ ਹਨ।

ਮੌਜੂਦਾ ਮੈਨੀਫੈਸਟੇਸ਼ਨ

ਮੈਨੀਫੈਸਟੇਸ਼ਨ ਵੀ ਕਿਤੇ ਨਾ ਕਿਤੇ ਇਹਨਾਂ ਰੂਹਾਨੀ ਅਸੂਲਾਂ ਤੋਂ ਹੀ ਨਿਕਲੀ ਹੋਈ ਹੈ — ਪਰ ਅੱਜ ਇਹਨੂੰ ਪ੍ਰਚਾਰਿਆ ਗਲਤ ਤਰੀਕੇ ਨਾਲ ਜਾ ਰਿਹਾ।

ਅਮਰੀਕਾ ਦੇ modern thinker Dr. Joe Dispenza — ਉਹਨਾਂ ਦੀ 1986 ਵਿੱਚ ਇੱਕ ਭਿਆਨਕ ਐਕਸੀਡੈਂਟ ਵਿੱਚ ਰੀੜ੍ਹ ਦੀ ਹੱਡੀ ਟੁੱਟ ਜਾਂਦੀ ਹੈ

ਓਹਨਾਂ ਨੇ ਬਿਨਾਂ surgery — ਕੇਵਲ ਧਿਆਨ ਅਤੇ visualization ਰਾਹੀਂ ਆਪਣੇ ਆਪ ਨੂੰ ਠੀਕ ਕਰ ਲਿਆ।ਉਹ ਆਖਦੇ:

“There’s an intelligence that’s giving us life… maybe I’ll just spend the rest of my time trying to connect to this intelligence and give it a plan…and within ten and a half weeks, I was back on my feet”

Translation:

“ਸਿਰਫ਼ ਜਿੰਦਗੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਨਾ ਕਰ — ਉਸ ਤਾਕਤ ਨਾਲ ਰਾਬਤਾ ਕਰ, ਜਿਸ ਨੇ ਤੈਨੂੰ ਬਣਾਇਆ।”

ਇਹ ਵੀ ਮੈਨੀਫੈਸਟੇਸ਼ਨ ਨੂੰ ਰੂਹਾਨੀ ਤਜਰਬਾ ਹੀ ਮੰਨਦੇ ਨੇ — ਪਰ ਸਾਇੰਸ ਦੀ ਭਾਸ਼ਾ ਵਿੱਚ।

Modern Manifestation — Half Truth

ਅੱਜ ਦੀ manifestation “high vibes only” ਦੀ ਗੱਲ ਤਾਂ ਕਰਦੀ ਹੈ, ਪਰ…

ਅੰਦਰਲੇ ਦੁੱਖ, ਕਰਮਾਂ ਦੇ ਚੱਕਰ, ਅਤੇ ਭਾਣੇ ਦੀ ਸਮਝ — ਇਹ ਗੱਲਾਂ ਗੁੰਮ ਹਨ।

ਬੰਦਾ affirmations ਕਰ ਰਿਹਾ ਹੁੰਦਾ, vision board (ਜਿਸ ‘ਚ ਬੰਦਾ ਆਪਣੀਆਂ ਖ਼ੁਆਹਿਸ਼ਾਂ ਦੀਆਂ ਤਸਵੀਰਾਂ ਲਾ ਕੇ ਰੋਜ਼ ਵੇਖਦਾ ਹੈ) ਬਣਾ ਰਿਹਾ ਹੁੰਦਾ,

ਪਰ ਅੰਦਰ:

  • ਡਰ,
  • ਸ਼ੱਕ,
  • ਪਛਤਾਵੇ,
  • ਜ਼ਖ਼ਮ — ਚੁੱਪ ਕਰਕੇ ਬੈਠੇ ਹੁੰਦੇ ਹਨ।

ਫਿਰ ਇਕ ਸਮਾਂ ਆਉਂਦਾ — ਜਦ ਬੰਦਾ ਆਖਦਾ: “ਮੈਂ ਤਾਂ ਸਭ ਤਰੀਕੇ ਅਜ਼ਮਾਏ… ਪਰ ਕੁਝ ਨਹੀਂ ਬਦਲਿਆ। ਸੱਚੀ manifestation, ਅੰਦਰਲੀ ਸਫ਼ਾਈ ਤੋਂ ਬਿਨਾਂ ਹੋ ਹੀ ਨਹੀਂ ਸਕਦੀ। ਤੇ ਅੰਦਰਲੀ ਸਫ਼ਾਈ ਨਾਮ ਜਪਣ ਤੋਂ ਬਿਨਾਂ ਹੋਣੀ ਨਹੀ।

ਪਹਿਲਾਂ ਆਪਣੇ mind-body-spirit ਦੀ ਸਾਫ਼-ਸਫਾਈ — ਫਿਰ ਸੁਪਨੇ ਦੀ ਤਿਆਰੀ।

ਆਖਿਰਕਾਰ — ਪਰਮਾਤਮਾ ਨਾਲ ਜੁੜ ਕੇ ਹੀ ਖ਼ਲਾਸੀ ਆ।

ਮੈਨੀਫੈਸਟੇਸ਼ਨ ਇੱਕ ਕਸ਼ਤੀ ਵਾਂਗ ਹੈ — ਪਰ ਰੱਬ ਦੀ ਰਜ਼ਾ ਸਮੁੰਦਰ ਹੈ।

ਕਸ਼ਤੀ ਚਲਾਉਣਾ ਚੰਗੀ ਗੱਲ ਹੈ, ਪਰ ਇਹ ਸੋਚ ਲੈਣਾ ਕਿ ਸਮੁੰਦਰ ਵੀ ਆਪਣੇ ਕਾਬੂ ‘ਚ ਕਰ ਲਵਾਂਗਾ — ਇਹ ਮੂਰਖਤਾ ਹੈ।

ਕਸ਼ਤੀ = ਕੋਸ਼ਿਸ਼, Visualization, affirmations

ਸਮੁੰਦਰ = ਰੱਬ ਦੀ ਮਰਜ਼ੀ, ਭਾਣਾ, ਅਣਜਾਣੀ ਲੀਲਾ

ਸੱਚੀ ਮੈਨੀਫੈਸਟੇਸ਼ਨ — ਜਦ ਮਨ ਹੰਕਾਰ ਛੱਡ ਕੇ ਨੀਵਾਂ ਹੋ ਜਾਂਦਾ ਹੈ, ਅਤੇ ਕਾਇਨਾਤ ਨੂੰ ਨਹੀ, ਸਿਰਫ਼ ਰੱਬ ਨੂੰ ਸੁਣਦਾ ਹੈ।

🔚 ਸੰਦੇਸ਼:

ਸੱਚੀ ਤਬਦੀਲੀ — ਮਨ ਨੂੰ ਰੱਬ ਦੀ ਰਜ਼ਾ ਵਿੱਚ ਲੀਨ ਕਰਨਾ ਹੈ। ਜਿਥੇ ਮਨ ਸ਼ਾਂਤ, ਵਿਸ਼ਵਾਸੀ ਤੇ ਨੀਵਾਂ ਹੋ ਜਾਂਦਾ ਹੈਓਥੇ ਹੀ ਅਸਲੀ ਮੈਨੀਫੈਸਟੇਸ਼ਨ ਜਨਮ ਲੈਂਦੀ ਹੈ।

Similar Posts

One Comment

Leave a Reply

Your email address will not be published. Required fields are marked *