ਜਦੋਂ ਰੱਬ ਮਾਫ਼ ਕਰਦਾ

ਜੀਵਨ ਵਿੱਚ ਮਨੁੱਖ ਤੋਂ ਅਣਗਿਣਤ ਗਲਤੀਆਂ ਹੋ ਜਾਂਦੀਆਂ ਹਨ — ਕਈ ਵਾਰ ਜਾਣਬੁੱਝ ਕੇ ਅਤੇ ਕਈ ਵਾਰ ਅਣਜਾਣੇ ਵਿੱਚ। ਪਰ ਜਦੋਂ ਅੰਦਰੋਂ ਕੋਈ ਆਵਾਜ਼ ਜਾਗਦੀ ਹੈ ਜਾਂ ਰੱਬ ਦਾ ਡਰ ਮਨ ਵਿੱਚ ਉਠਦਾ ਹੈ, ਅਸੀਂ ਤੁਰੰਤ ਮਾਫ਼ੀ ਮੰਗ ਲੈਂਦੇ ਹਾਂ।
ਸਵਾਲ ਇਹ ਹੈ ਕਿ ਕੀ ਉਹ ਮਾਫ਼ੀ ਸੱਚੇ ਪਛਤਾਵੇ ਨਾਲ ਹੁੰਦੀ ਹੈ?
ਜੇ ਗਲਤੀ ਦੁਬਾਰਾ ਹੋ ਰਹੀ ਹੈ, ਤਾਂ ਫਿਰ ਪਛਤਾਵਾ ਸਿਰਫ਼ ਜ਼ਬਾਨ ਤੱਕ ਸੀਮਿਤ ਹੈ, ਦਿਲ ਤੱਕ ਨਹੀਂ।

ਜਦੋਂ ਕੋਈ ਪਾਪ ਵਾਰ–ਵਾਰ ਕੀਤਾ ਜਾਏ, ਉਹ ਕਿਵੇਂ ਪਾਪ ਰਹਿ ਜਾਂਦਾ? ਉਹ ਗੁਨਾਹ ਬਣ ਜਾਂਦਾ ਹੈ। ਅਤੇ ਗੁਨਾਹ ਦੀ ਮਾਫ਼ੀ ਲਈ ਸਿਰਫ਼ ਜ਼ਬਾਨ ਨਾਲ ਮਾਫ਼ੀ ਕਾਫ਼ੀ ਨਹੀਂ — ਹਿਰਦੇ ਦਾ ਕੰਬਣਾ, ਅੰਦਰੋਂ ਤੋੜ ਮਚਣਾ ਪਛਤਾਵੇ ਦੀ ਅਸਲੀ ਨਿਸ਼ਾਨੀ ਹੈ।

ਜੇ ਮਨੁੱਖ ਇੱਕੋ ਗਲਤੀ ਬਾਰ–ਬਾਰ ਕਰਦਾ ਹੈ, ਤਾਂ ਨਾ ਸਿਰਫ਼ ਪੁੰਨਾ ਦਾ ਫਲ ਘੱਟ ਜਾਂਦਾ ਹੈ, ਸਗੋਂ ਕੀਤੀ ਹੋਈ ਅਰਾਧਨਾ ਵੀ ਬੇਅਸਰ ਹੋ ਜਾਂਦੀ ਹੈ।

🔹 ਮਨ ਸਾਫ਼ ਕਿਵੇਂ ਹੋਵੇ?

ਰੱਬ ਦੇ ਨਾਮ ਦਾ ਸਿਮਰਨ ਮਨ ਨੂੰ ਸਾਫ਼ ਕਰਨ ਦਾ ਸਭ ਤੋਂ ਆਸਾਨ ਤੇ ਪ੍ਰਭਾਵਸ਼ਾਲੀ ਤਰੀਕਾ ਹੈ।
ਸਿਮਰਨ ਕਰਨ ਤੋਂ ਪਹਿਲਾਂ ਅਰਦਾਸ ਕਰੋ:

“ਹੇ ਪਰਮਾਤਮਾ, ਮੈਨੂੰ ਧਿਆਨ ਇਕਾਗਰਤਾ ਬਖ਼ਸ਼ੋ। ਮੇਰਾ ਮਨ ਭਟਕੇ ਨਾ, ਤੇਰੀ ਲਿਵ ਨਾਲ ਜੁੜੇ, ਤਾਂ ਜੋ ਕੀਤੀ ਅਰਾਧਨਾ ਫਲਦਾਈ ਹੋਵੇ ਅਤੇ ਮੇਰੇ ਗੁਨਾਹ ਖਤਮ ਹੋਣ।”

ਪਾਠ ਉੱਚੀ ਆਵਾਜ਼ ਨਾਲ ਕਰੋ ਤਾਂ ਕਿ ਆਪਣੇ ਕੰਨਾਂ ਨਾਲ ਸੁਣ ਸਕੋ। ਸਿਰ ਬਹੁਤ ਝੁਕਾ ਕੇ ਨਹੀਂ—ਥੋੜਾ ਉਚਾ ਰੱਖੋ, ਕਿਉਂਕਿ ਝੁਕਿਆ ਸਿਰ ਜਲਦੀ ਭਟਕਦਾ ਹੈ।

ਜੇ ਇੱਕ ਪਲ ਲਈ ਵੀ ਸੱਚੇ ਦਿਲੋਂ ਸਿਮਰਨ ਹੋ ਜਾਵੇ ਅਤੇ ਮਾਫ਼ੀ ਦੀ ਖਰੀ ਭਾਵਨਾ ਹੋਵੇ, ਪਰਮਾਤਮਾ ਤੁਰੰਤ ਬਖ਼ਸ਼ ਦਿੰਦਾ ਹੈ।
ਰੱਬ ਦਿਆਲੂ ਹੈ — ਕਰੋੜਾਂ ਪਾਪ ਇੱਕ ਛਿਨ ਵਿੱਚ ਮਿਟਾ ਸਕਦਾ ਹੈ।
ਸਾਰੀ ਗੱਲ ਧਿਆਨ ਅਤੇ ਸੱਚੇ ਪਛਤਾਵੇ ਦੀ ਹੈ।

🔹 ਰੱਬ ਦੀ ਮਾਫ਼ੀ ਦੀ ਖਾਸੀਅਤ

ਜਦੋਂ ਰੱਬ ਮਾਫ਼ ਕਰਦਾ ਹੈ, ਉਹ ਯਾਦ ਨਹੀਂ ਰੱਖਦਾ ਕਿ ਮਨੁੱਖ ਨੇ ਕੀ ਕੀਤਾ ਸੀ।
ਓਸਦਾ ਹਿਸਾਬ ਖਤਮ ਹੋ ਜਾਂਦਾ ਹੈ।
ਉਹ ਮਨੁੱਖ ਨੂੰ ਨਵਾਂ ਮੌਕਾ ਦੇਂਦਾ ਹੈ, ਬਿਲਕੁਲ ਇਸ ਤਰ੍ਹਾਂ ਜਿਵੇਂ ਉਸ ਨੇ ਕੋਈ ਪਾਪ ਕੀਤਾ ਹੀ ਨਹੀਂ ਸੀ।
ਰੱਬ ਦੀ ਮਾਫ਼ੀ ਬੋਝ ਉਤਾਰ ਦਿੰਦੀ ਹੈ।

🔹 ਪੋਟਲੀ ਵਾਲਾ ਉਦਾਹਰਨ

ਇਕ ਪਿਤਾ ਨੇ ਆਪਣੇ ਪੁੱਤ ਨੂੰ ਕਿਹਾ ਕਿ ਤੂੰ ਆਪਣੇ ਕੋਲ ਇੱਕ ਪੋਟਲੀ ਰੱਖ ਤੇ ਜਦੋ ਵੀ ਤੂੰ ਕੋਈ ਗਲਤੀ ਕਰੇ ਤਾਂ ਆਵਦੀ ਪੋਟਲੀ ਵਿੱਚ ਇੱਕ ਪੱਥਰ ਚੁੱਕ ਕੇ ਪਾਈ ਜਾਵੀਂ। ਪੋਟਲੀ ਨੂੰ ਨਾਲ ਹੀ ਰੱਖਣਾ ਜਿੱਥੇ ਵੀ ਜਾਣਾ ਪੋਟਲੀ ਵੀ ਚੁੱਕ ਕੇ ਲੈਕੇ ਜਾਣੀ ਨਾਲ। ਓਹਨੇ ਏਦਾ ਹੀ ਕੀਤਾ, ਕਾਫ਼ੀ ਦਿਨ ਗੁਜਰ ਗਏ ਤੇ ਪੁੱਤ ਨੇ ਆਪਣੇ ਪਿਤਾ ਨੂੰ ਆਕੇ ਕਿਹਾ ਕਿ ਮੇਰੀ ਪੋਟਲੀ ਭਰ ਗਈ ਹੈ ਪੱਥਰਾਂ ਨਾਲ ਹੁਣ ਮੇਰੇ ਤੋ ਹੋਰ ਭਾਰ ਨਹੀ ਚੁੱਕਿਆ ਜਾਂਦਾ।
ਪਿਤਾ ਨੇ ਕਿਹਾ — ਇਹ ਪੱਥਰ ਤੇਰੇ ਪਾਪਾਂ ਦਾ ਬੋਝ ਹੈ। ਜਿਵੇਂ ਪੋਟਲੀ ਭਾਰੀ ਹੋ ਗਈ, ਐਵੇਂ ਪਾਪ ਮਨੁੱਖ ਦੇ ਮਨ ਤੇ ਜੀਵਨ ਨੂੰ ਭਾਰੀ ਕਰ ਦਿੰਦੇ ਹਨ। ਇੱਕ ਸਮਾਂ ਆਉਂਦਾ ਹੈ ਜਦੋਂ ਇਹ ਬੋਝ ਸਹਿਣਾ ਮੁਸ਼ਕਲ ਹੋ ਜਾਂਦਾ ਹੈ।

ਜਦੋਂ ਮਨੁੱਖ ਦਿਲੋਂ ਮਾਫ਼ੀ ਮੰਗਦਾ ਹੈ, ਉਹ ਹੌਲਾ ਮਹਿਸੂਸ ਕਰਦਾ ਹੈ — ਕਿਉਂਕਿ ਰੱਬ ਉਸ ਦਾ ਬੋਝ ਹਟਾ ਦੇਂਦਾ ਹੈ।

🔹 ਗਲਤੀਆਂ ਨੂੰ ਫੜ ਕੇ ਨਾ ਰੱਖੋ

ਕਈ ਵਾਰ ਮਨੁੱਖ ਆਪਣੀਆਂ ਗਲਤੀਆਂ ਨੂੰ ਦਿਲ ਨਾਲ ਜੋੜ ਕੇ ਰੱਖ ਲੈਂਦਾ ਹੈ ਅਤੇ ਸਾਲਾਂ ਤੱਕ ਆਪਣੇ ਆਪ ਨੂੰ ਕਸੂਰਵਾਰ ਸਮਝਦਾ ਰਹਿੰਦਾ ਹੈ।
ਪਰ ਜਦੋਂ ਰੱਬ ਮਾਫ਼ ਕਰਦਾ ਹੈ, ਉਹ ਪਾਪ ਭੁਲਾ ਦਿੰਦਾ ਹੈ,
ਤਾਂ ਫਿਰ ਅਸੀਂ ਆਪਣੇ ਆਪ ਨੂੰ ਮਾਫ਼ ਕਿਉਂ ਨਹੀਂ ਕਰਦੇ?

ਪੁਰਾਣੀਆਂ ਗਲਤੀਆਂ ਨੂੰ ਫੜ ਕੇ ਰੱਖਣਾ — ਅੱਜ ਦਾ ਸਮਾਂ ਬਰਬਾਦ ਕਰਨਾ ਹੈ।
ਜ਼ਿੰਦਗੀ ਅੱਗੇ ਵਧਣ ਦਾ ਨਾਮ ਹੈ।

ਆਓ ਰੱਬ ਦੇ ਚਰਨਾ ਚ ਅਰਦਾਸ ਕਰਦੇ ਆ ਕਿ ਪਰਮਾਤਮਾ ਜੀਓ ਸਾਡੀ ਬਾਹ ਫੜ ਲਓ, ਸਾਨੂੰ ਸੋਝੀ ਸਮਝ ਬਖਸ਼ੋ ਤੇ ਜਦੋ ਵੀ ਕੋਈ ਪਾਪ ਕਰਨ ਦਾ ਖਿਆਲ ਆਏ ਤਾਂ ਸਾਡੇ ਕੰਨ ਫੜਕੇ ਡੱਕ ਲਿਓ।

Similar Posts

Leave a Reply

Your email address will not be published. Required fields are marked *