ਖਾਮੋਸ਼ ਇਸ਼ਾਰੇ: ਜੋ ਸਿਰਫ਼ ਅਚੇਤ ਮਨ ਪੜ੍ਹਦਾ ਹੈ।

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਤੋਂ ਪਹਿਲਾਂ ਮੈਂ ਕਿਸੇ ਹੋਰ ਜਗ੍ਹਾ ਦਾਖਲਾ (Admission) ਕਰਵਾਇਆ ਸੀ। ਮੈਂ ਹੋਸਟਲ ਵਿੱਚ ਰਹਿਣਾ ਸੀ ਅਤੇ ਬਹੁਤ ਖੁਸ਼ ਸੀ। ਪਹਿਲੀ ਵਾਰ ਜਦੋਂ ਕਾਲਜ ਗਈ, ਦਾਖਲਾ ਵਗੈਰਾ ਸਭ ਕੁਝ ਕਰਵਾ ਲਿਆ ਅਤੇ ਪਹਿਲੇ ਸਮੈਸਟਰ ਦੀ ਫੀਸ ਵੀ ਦੇ ਦਿੱਤੀ। ਪਰ ਅਜੇ ਹੋਸਟਲ ਦੇਖਣਾ ਬਾਕੀ ਸੀ। ਦੇਰ ਹੋਣ ਕਾਰਨ ਉਸ ਦਿਨ ਅਸੀਂ ਹੋਸਟਲ ਨਹੀਂ ਗਏ ਅਤੇ ਵਾਪਸ ਆ ਗਏ।

ਅਗਲੇ ਹਫ਼ਤੇ ਕਲਾਸਾਂ ਸ਼ੁਰੂ ਹੋਣੀਆਂ ਸੀ, ਇਸ ਲਈ ਅਸੀਂ ਦੁਬਾਰਾ ਗਏ। ਹੋਸਟਲ ਵਿੱਚ ਰਜਿਸਟ੍ਰੇਸ਼ਨ ਹੋਈ ਅਤੇ ਕਮਰਾ ਵੀ ਮਿਲ ਗਿਆ। ਪਰ ਉਸ ਦਿਨ ਵੀ ਵਾਪਸ ਆਉਣਾ ਪਿਆ ਕਿਉਂਕਿ ਕਲਾਸਾਂ ਇੱਕ ਹਫ਼ਤਾ ਹੋਰ ਅੱਗੇ ਪਾ ਦਿੱਤੀਆਂ ਗਈਆਂ ਸਨ। ਮੈਂ ਆਪਣਾ ਸਾਰਾ ਸਾਮਾਨ ਹੋਸਟਲ ਵਾਲੇ ਕਮਰੇ ਵਿੱਚ ਹੀ ਰੱਖ ਆਈ ਸੀ।

ਗੱਲ ਇਹ ਹੈ ਕਿ ਜਦੋਂ ਮੈਂ ਪਹਿਲੀ ਵਾਰ ਹੋਸਟਲ ਦੇ ਅੰਦਰ ਗਈ, ਤਾਂ ਅੰਦਰ ਵੜਦਿਆਂ ਹੀ ਚਾਰ-ਚੁਫ਼ੇਰੇ ਨਿਗਾਹ ਮਾਰੀ ਤਾਂ ਇੱਕਦਮ ਮੇਰਾ ਸ਼ਰੀਰ ਢਿੱਲਾ ਪੈ ਗਿਆ ਅਤੇ ਇੱਕ ਅਜੀਬ ਭਾਰਾਪਣ ਮਹਿਸੂਸ ਹੋਇਆ। ਉਹ ਅਹਿਸਾਸ ਬਿਲਕੁਲ ਅਣੋਖਾ ਸੀ—ਜਿਵੇਂ ਕਿਸੇ ਨੇ ਇੱਕੋ ਦਮ ਮੇਰੇ ਉੱਪਰ ਕੋਈ ਬਹੁਤ ਭਾਰੀ ਚੀਜ਼ ਸੁੱਟ ਦਿੱਤੀ ਹੋਵੇ। ਦਿਮਾਗ਼ ਵਿੱਚ ਬੱਸ ਇੱਕੋ ਗੱਲ ਆ ਰਹੀ ਸੀ ਕਿ ਇੱਥੋਂ ਜਿੰਨਾ ਜਲਦੀ ਹੋ ਸਕੇ ਨਿਕਲ ਜਾਵਾਂ।

ਉਸ ਹੋਸਟਲ ਦੀ ਇੰਨੀ ਨਕਾਰਾਤਮਕ ਫੀਲ (Feel) ਆਉਣ ਦੇ ਬਾਵਜੂਦ ਮੈਂ ਘਰਦਿਆਂ ਨੂੰ ਕੁਝ ਨਾ ਕਿਹਾ, ਕਿਉਂਕਿ ਮੈਂ ਖੁਦ ਜ਼ਿੱਦ ਕਰਕੇ ਉੱਥੇ ਐਡਮਿਸ਼ਨ ਕਰਵਾਈ ਸੀ ਕਿ ਮੈਂ ਹੋਸਟਲ ਰਹਿਣਾ ਹੀ ਰਹਿਣਾ ਹੈ। ਉੱਤੋਂ ਫੀਸਾਂ ਦਾ ਕੰਮ ਪੂਰਾ ਹੋ ਚੁੱਕਾ ਸੀ ਅਤੇ ਸਾਮਾਨ ਵੀ ਕਮਰੇ ਵਿੱਚ ਜਾ ਚੁੱਕਾ ਸੀ।

ਜਿਸ ਦਿਨ ਕਮਰਾ ਮਿਲਿਆ ਸੀ, ਉਸ ਦਿਨ ਮੈਂ ਆਪਣੀਆਂ ਰੂਮਮੇਟਸ (Roommates) ਦੇ ਵਟਸਐਪ ਨੰਬਰ ਲੈ ਲਏ ਸਨ। ਉਹ ਕੁੜੀਆਂ ਸੁਭਾਅ ਦੀਆਂ ਕਾਫ਼ੀ ਵਧੀਆ ਸਨ। ਜਦੋਂ ਮੈਂ ਘਰ ਆਈ ਤਾਂ ਸਾਡੀ ਮੈਸੇਜਾਂ ‘ਤੇ ਗੱਲਬਾਤ ਸ਼ੁਰੂ ਹੋਈ। ਉਹ ਪੁੱਛ ਰਹੀਆਂ ਸਨ ਕਿ “ਤੁਹਾਡਾ ਟੇਬਲ-ਚੇਅਰ ਰੱਖਵਾ ਦੇਈਏ?” ਵਗੈਰਾ। ਉਸ ਕਮਰੇ ਵਿੱਚ 3 ਸਿੰਗਲ ਬੈੱਡ ਸਨ, ਜਿਨ੍ਹਾਂ ਵਿੱਚੋਂ ਵਿਚਕਾਰ ਵਾਲਾ ਮੇਰਾ ਸੀ।

ਖ਼ੈਰ… ਦੋ-ਤਿੰਨ ਦਿਨਾਂ ਬਾਅਦ ਮੈਂ ਮੈਸੇਜ ਕਰਕੇ ਪੁੱਛਿਆ, “ਕੀ ਹੋਸਟਲ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੌਬਲਮ ਹੈ ਜਾਂ ਕੋਈ ਭੇਤ ਵਾਲੀ (Secret) ਗੱਲ ਹੈ?”

ਤਾਂ ਉਨ੍ਹਾਂ ਨੇ ਦੱਸਿਆ, ਹਾਂ, ਇੱਥੇ ਇੱਕ ਕੁੜੀ ਨੇ ਹੋਸਟਲ ਵਿੱਚ 2 ਸਾਲ ਪਹਿਲਾਂ ਖੁਦਕੁਸ਼ੀ (sucide) ਕੀਤਾ ਸੀ ।

ਇਹ ਗੱਲ ਸੁਣ ਕੇ ਮੈਂ ਘਰਦਿਆਂ ਨੂੰ ਤਾਂ ਅਸਲੀ ਵਜ੍ਹਾ ਨਹੀਂ ਦੱਸੀ, ਪਰ ਮੈਂ ਹੋਸਟਲ ਰਹਿਣ ਤੋਂ ਸਾਫ਼ ਮਨ੍ਹਾਂ ਕਰ ਦਿੱਤਾ, ਕਿਉਂਕਿ ਮੈਂ ਉੱਥੇ ਰਹਿ ਹੀ ਨਹੀਂ ਪਾਉਣਾ ਸੀ। ਰੋਜ਼-ਰੋਜ਼ ਦਾ ਉਹ ਭਾਰੀਪਨ ਮੈਨੂੰ ਅੰਦਰੋਂ ਬੀਮਾਰ ਕਰ ਸਕਦਾ ਸੀ। ਮੈਂ ਅਗਲੇ ਹਫ਼ਤੇ ਜਾ ਕੇ ਆਪਣਾ ਸਾਮਾਨ ਵਾਪਸ ਲੈ ਆਈ। ਘਰਦੇ ਵੀ ਹੈਰਾਨ ਸਨ ਕਿ ਜੋ ਹੋਸਟਲ ਜਾਣ ਲਈ ਇੰਨੀ ਉਤਾਵਲੀ (Excited) ਸੀ, ਉਸਨੂੰ ਇੱਕਦਮ ਹੋ ਕੀ ਗਿਆ!

ਇਸ ਘਟਨਾ ਦਾ ਮਨੋਵਿਗਿਆਨਕ ਨਿਚੋੜ (Psychological Analysis)

ਹੁਣ ਮੈਂ ਇਹ ਨਹੀਂ ਕਹਿ ਰਹੀ ਕਿ ਮੇਰੇ ਅੰਦਰ ਕੋਈ ਸੁਪਰ ਪਾਵਰ (Super Power) ਹੈ। ਮੈਂ ਜੋ ਮਹਿਸੂਸ ਕੀਤਾ, ਉਸਨੂੰ ਮਨੋਵਿਗਿਆਨ ਦੇ ਹਿਸਾਬ ਨਾਲ ਬਹੁਤ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ।

ਮਨੋਵਿਗਿਆਨ ਮੁਤਾਬਕ, ਸਾਡਾ ਅਚੇਤ ਮਨ (Subconscious Mind) ਆਲੇ-ਦੁਆਲੇ ਦੀ ਹਰ ਛੋਟੀ ਤੋਂ ਛੋਟੀ ਚੀਜ਼ ਨੂੰ ਬਹੁਤ ਬਾਰੀਕੀ ਨਾਲ ਪਰਖਦਾ ਹੈ—ਭਾਵੇਂ ਸਾਡੇ ਜਾਗਦੇ ਦਿਮਾਗ ਨੂੰ ਇਸਦਾ ਪਤਾ ਵੀ ਨਾ ਲੱਗੇ। ਸਾਡਾ ਅਚੇਤ ਮਨ ਸਾਡੇ ਜਾਗਦੇ ਦਿਮਾਗ ਨਾਲੋਂ ਹਜ਼ਾਰਾਂ ਗੁਣਾ ਤੇਜ਼ ਕੰਮ ਕਰਦਾ ਹੈ। ਜਿਹੜੀਆਂ ਚੀਜ਼ਾਂ ਵੱਲ ਸਾਡਾ ਉੱਪਰਲਾ ਦਿਮਾਗ (Conscious mind) ਧਿਆਨ ਨਹੀਂ ਵੀ ਦਿੰਦਾ, ਸਾਡਾ ਅਚੇਤ ਮਨ ਉਨ੍ਹਾਂ ਚੀਜ਼ਾਂ ਨੂੰ ਪਿੱਛੇ (Background) ਵਿੱਚ ਲਗਾਤਾਰ ਰਿਕਾਰਡ ਕਰ ਰਿਹਾ ਹੁੰਦਾ ਹੈ।

ਕੁਝ ਲੋਕਾਂ ਦਾ ਖਾਸ ਕਰਕੇ ਕੁੜੀਆਂ ਦਾ ਨਾੜੀ ਤੰਤਰ (Nervous System) ਬਹੁਤ ਜ਼ਿਆਦਾ ਸੰਵੇਦਨਸ਼ੀਲ ਹੁੰਦਾ ਹੈ, ਜਿਸ ਕਾਰਨ ਉਹ ਆਲੇ-ਦੁਆਲੇ ਦੇ ਤਣਾਅ, ਖ਼ਾਮੋਸ਼ੀ ਜਾਂ ਦੂਜਿਆਂ ਦੇ ਜਜ਼ਬਾਤਾਂ ਨੂੰ ਬਹੁਤ ਜਲਦੀ ਮਹਿਸੂਸ ਕਰ ਲੈਂਦੇ ਹਨ। ਮਨੋਵਿਗਿਆਨ ਵਿੱਚ ਇਸਨੂੰ Sensory Processing Sensitivity (SPS) ਕਿਹਾ ਜਾਂਦਾ ਹੈ।

ਇਸਨੂੰ ਕੁਝ ਰੋਜ਼ਾਨਾ ਜ਼ਿੰਦਗੀ ਦੀਆਂ ਉਦਾਹਰਨਾਂ ਨਾਲ ਸਮਝੀਏ:

  1. ਮੰਨ ਲਓ ਇੱਕ ਪੁਰਾਣਾ ਘਰ ਹੈ, ਜਿੱਥੇ ਕਦੇ ਕੋਈ ਬਜ਼ੁਰਗ ਰਹਿੰਦਾ ਸੀ। ਹੁਣ ਉਨ੍ਹਾਂ ਨੂੰ ਗੁਜ਼ਰੇ ਹੋਏ 5-6 ਸਾਲ ਹੋ ਚੁੱਕੇ ਹਨ ਅਤੇ ਉਹ ਘਰ ਬੰਦ ਰਹਿੰਦਾ ਹੈ। ਜਦੋਂ ਸਾਲਾਂ ਬਾਅਦ ਉਹ ਘਰ ਖੋਲ੍ਹਿਆ ਜਾਂਦਾ ਹੈ, ਉੱਥੇ ਸਭ ਕੁਝ ਸਾਫ਼ ਹੁੰਦਾ ਹੈ, ਕੋਈ ਗੰਦਗੀ ਨਹੀਂ ਹੁੰਦੀ। ਬਸ ਸਾਮਾਨ ਉਵੇਂ ਹੀ ਪਿਆ ਹੁੰਦਾ ਹੈ ਜਿਵੇਂ ਉਹ ਛੱਡ ਕੇ ਗਏ ਸਨ—ਉਹੀ ਪੁਰਾਣੀ ਅਲਮਾਰੀ, ਉਹੀ ਬੈੱਡ ਅਤੇ ਦੀਵਾਰ ‘ਤੇ ਲੱਗੀਆਂ ਪੁਰਾਣੀਆਂ ਫੋਟੋਆਂ

ਉਸ ਕਮਰੇ ਦੀ ਹਾਲਤ ਦੇਖ ਕੇ ਸਾਡੇ ਅੰਦਰ ਇੱਕ ਅਜੀਬ ਇਕੱਲਤਾ ਦਾ ਅਹਿਸਾਸ ਜਾਗਦਾ ਹੈ, ਜੋ ਸ਼ਾਇਦ ਉਸ ਬਜ਼ੁਰਗ ਨੇ ਆਪਣੇ ਆਖਰੀ ਦਿਨਾਂ ਵਿੱਚ ਉੱਥੇ ਇਕੱਲੇ ਬੈਠ ਕੇ ਮਹਿਸੂਸ ਕੀਤੀ ਸੀ। ਜਦੋਂ ਕੋਈ ਇਨਸਾਨ ਕਿਸੇ ਜਗ੍ਹਾ ‘ਤੇ ਆਪਣੀ ਪੂਰੀ ਜ਼ਿੰਦਗੀ ਗੁਜ਼ਾਰਦਾ ਹੈ—ਉੱਥੇ ਹੱਸਦਾ ਹੈ, ਰੋਂਦਾ ਹੈ, ਬੀਮਾਰ ਹੁੰਦਾ ਹੈ—ਤਾਂ ਉਸ ਜ਼ਿੰਦਗੀ ਦੇ ਨਿਸ਼ਾਨ ਉਸ ਥਾਂ ਨਾਲ ਡੂੰਘੇ ਜੁੜ ਜਾਂਦੇ ਹਨ।

ਮੈਂ ਕਈ ਵਾਰ ਸੋਚਦੀ ਹਾਂ ਕਿ ਜਿੱਥੇ ਅਸੀਂ ਇਸ ਵੇਲੇ ਬੈਠੇ ਹੋਏ ਹਾਂ, ਉੱਥੇ ਹਜ਼ਾਰਾਂ ਸਾਲ ਪਹਿਲਾਂ ਕੋਈ ਨਾ ਕੋਈ ਰਹਿ ਚੁੱਕਾ ਹੋਵੇਗਾ। ਵਿਗਿਆਨ ਦਾ ਇੱਕ ਬੁਨਿਆਦੀ ਨਿਯਮ ਹੈ ਕਿ ਬ੍ਰਹਮੰਡ ਵਿੱਚ ਕੋਈ ਵੀ ਚੀਜ਼ ਨਵੀਂ ਨਹੀ ਬਣਦੀ ਅਤੇ ਨਾ ਹੀ ਖ਼ਤਮ ਹੁੰਦੀ ਹੈ, ਬਸ ਰੂਪ ਬਦਲਦੀ ਹੈ। ਜਿਹੜੀ ਮਿੱਟੀ, ਹਵਾ ਜਾਂ ਪਾਣੀ ਅੱਜ ਸਾਡੇ ਆਲੇ-ਦੁਆਲੇ ਹੈ, ਉਹ ਅਰਬਾਂ ਸਾਲ ਪੁਰਾਣੀ ਹੈ। ਜੋ ਇਨਸਾਨ ਪਹਿਲਾਂ ਇੱਥੇ ਖ਼ਤਮ ਹੋਏ, ਉਹ ਇਸੇ ਮਿੱਟੀ ਦਾ ਹਿੱਸਾ ਬਣ ਗਏ।

 2. ਹਸਪਤਾਲ ਦਾ ਉਹ ਹਿੱਸਾ ਜਿੱਥੇ ਗੰਭੀਰ ਮਰੀਜ਼ ਰਹਿੰਦੇ ਹਨ, ਉੱਥੋਂ ਦੀਆਂ ਦੀਵਾਰਾਂ ਵਿੱਚੋਂ ਇੱਕ ਅਜੀਬ ਜਿਹੀ “ਬੇਬਸੀ” (Helplessness) ਵਾਲਾ ਅਹਿਸਾਸ ਆਉਂਦਾ ਹੈ। ਭਾਵੇਂ ਉਸ ਸਮੇਂ ਉੱਥੇ ਕੋਈ ਨਾ ਰੋ ਰਿਹਾ ਹੋਵੇ, ਪਰ ਉੱਥੇ ਹਜ਼ਾਰਾਂ ਪਰਿਵਾਰਾਂ ਦੁਆਰਾ ਛੱਡਿਆ ਗਿਆ ਡਰ, ਅਰਦਾਸਾਂ ਅਤੇ ਦੁੱਖ ਮਾਹੌਲ ਨੂੰ ਭਾਰੀ ਕਰ ਦਿੰਦੇ ਹਨ।

 3 . ਜਦੋਂ ਘਰ ਵਿੱਚ ਦੋ ਜਣਿਆਂ ਵਿਚਕਾਰ ਬਹੁਤ ਤਿੱਖੀ ਬਹਿਸ ਹੋਈ ਹੋਵੇ ਅਤੇ ਹੁਣ ਸਭ ਡਿਨਰ ਟੇਬਲ ‘ਤੇ ਚੁੱਪਚਾਪ ਖਾਣਾ ਖਾ ਰਹੇ ਹੋਣ, ਤਾਂ ਉਹ ਚੁੱਪੀ ਬਹੁਤ “ਹਿੰਸਕ” (Violent) ਮਹਿਸੂਸ ਹੁੰਦੀ ਹੈ। ਹਵਾ ਵਿੱਚ ਇੱਕ ਅਣਡਿੱਠਾ ਤਣਾਅ ਹੁੰਦਾ ਹੈ, ਜਿਵੇਂ ਕੋਈ ਤਾਰ ਖਿੱਚੀ ਹੋਵੇ ਜੋ ਕਦੇ ਵੀ ਟੁੱਟ ਸਕਦੀ ਹੈ। ਅਜਿਹੇ ਮਾਹੌਲ ਵਿੱਚ ਇਨਸਾਨ ਦੇ ਗਲੇ ਵਿੱਚੋਂ ਰੋਟੀ ਲੰਘਣੀ ਵੀ ਮੁਸ਼ਕਿਲ ਹੋ ਜਾਂਦੀ ਹੈ।

4. ਦੂਜੇ ਪਾਸੇ, ਜਦੋਂ ਅਸੀਂ ਕਿਸੇ ਗੁਰਦੁਆਰਾ ਸਾਹਿਬ ਜਾਂ ਕਿਸੇ ਅਜਿਹੀ ਜਗ੍ਹਾ ਜਾਂਦੇ ਹਾਂ ਜਿੱਥੇ ਸਾਲਾਂ ਤੋਂ ਸਿਰਫ਼ ਪਾਠ, ਕੀਰਤਨ, ਸੇਵਾ ਜਾਂ ਸਿਮਰਨ ਹੁੰਦਾ ਆ ਰਿਹਾ ਹੈ, ਤਾਂ ਉੱਥੇ ਪੈਰ ਰੱਖਦਿਆਂ ਹੀ ਦਿਮਾਗ ਵਿੱਚ ਚੱਲ ਰਹੀ ਹਲਚਲ (Overthinking) ਇੱਕਦਮ ਸ਼ਾਂਤ ਹੋ ਜਾਂਦੀ ਹੈ। ਮਾਸਪੇਸ਼ੀਆਂ (Muscles) ਦਾ ਤਣਾਅ ਮੁੱਕ ਜਾਂਦਾ ਹੈ ਅਤੇ ਉਹ ਬਿਲਕੁਲ ਰਿਲੈਕਸ (Relax) ਹੋ ਜਾਂਦੀਆਂ ਹਨ। ਜਿਸ ਜਗ੍ਹਾ ‘ਤੇ ਬੰਦਗੀ ਹੋਈ ਹੋਵੇ, ਉਹ ਥਾਂ ਇੱਕ ਖ਼ਾਸ ਪਵਿੱਤਰ ਊਰਜਾ ਸੰਭਾਲ ਲੈਂਦੀ ਹੈ। ਉੱਥੋਂ ਦੇ ਵਾਤਾਵਰਨ ਵਿੱਚ ਰਚੀਆਂ ਸਕਾਰਾਤਮਕ ਤਰੰਗਾਂ (Positive Vibrations) ਸਾਡੇ ਮਨ ਨੂੰ ਠੀਕ (Heal) ਕਰਨਾ ਸ਼ੁਰੂ ਕਰ ਦਿੰਦੀਆਂ ਹਨ।

 5. ਜਦੋਂ ਤੁਸੀਂ ਕਿਸੇ ਅਜਿਹੇ ਜੰਗਲ, ਪਹਾੜ ਜਾਂ ਨਦੀ ਦੇ ਕਿਨਾਰੇ ਜਾਂਦੇ ਹੋ ਜਿੱਥੇ ਇਨਸਾਨੀ ਦਖਲਅੰਦਾਜ਼ੀ ਬਹੁਤ ਘੱਟ ਹੈ, ਤਾਂ ਸਾਡਾ ਪੂਰਾ ਨਰਵਸ ਸਿਸਟਮ ਇੱਕਦਮ ਸ਼ਾਂਤ ਹੋ ਜਾਂਦਾ ਹੈ। ਕੁਦਰਤ ਦੀ ਖ਼ਾਮੋਸ਼ੀ ਹਸਪਤਾਲ ਵਾਂਗ ਭਾਰੀ ਨਹੀਂ ਹੁੰਦੀ, ਉਹ ਦਿਮਾਗ ਨੂੰ ਹਲਕਾ ਕਰਦੀ ਹੈ।

ਸਿੱਟਾ (Conclusion)

ਇਹ ਸਾਰੀਆਂ ਉਦਾਹਰਨਾਂ ਇਹੋ ਦੱਸਦੀਆਂ ਹਨ ਕਿ ਸਾਡੀ ਦੁਨੀਆ ਵਿੱਚ ਕੋਈ ਵੀ ਜਗ੍ਹਾ ਸਿਰਫ਼ ਇੱਟਾਂ-ਪੱਥਰਾਂ ਦਾ ਢੇਰ ਨਹੀਂ ਹੁੰਦੀ। ਇੱਕ ਇਨਸਾਨ ਲਈ ਉਹ ਸ਼ਾਇਦ ਸਿਰਫ਼ ਇੱਕ ਲੋਕੇਸ਼ਨ ਹੋਵੇ, ਪਰ ਕਿਸੇ ਹੋਰ ਲਈ ਉਹ ਇੱਕ ਪੂਰੀ ‘ਕਿਤਾਬ’ ਵਰਗੀ ਹੁੰਦੀ ਹੈ, ਜਿਸਨੂੰ ਉਹ ਬਿਨਾਂ ਪੜ੍ਹੇ ਹੀ ਪੂਰਾ ਮਹਿਸੂਸ ਕਰ ਲੈਂਦਾ ਹੈ।

ਵਿਗਿਆਨ ਭਾਵੇਂ ਦੀਵਾਰਾਂ ਵਿੱਚ ਐਨਰਜੀ ਦੇ ਜੰਮ ਜਾਣ ਨੂੰ ਸਿੱਧੇ ਤੌਰ ‘ਤੇ ਨਾ ਮੰਨੇ, ਪਰ ਉਹ ਇਨਸਾਨੀ ਪਰਖ ਸ਼ਕਤੀ (Human Perception), ਚਿਹਰੇ ਦੇ ਬਾਰੀਕ ਹਾਵ-ਭਾਵ (Micro-expressions) ਅਤੇ ਅਚੇਤ ਮਨ ਦੀ ਡਾਟਾ ਪ੍ਰੋਸੈਸਿੰਗ (Subconscious Data Processing) ਨੂੰ ਪੂਰੀ ਤਰ੍ਹਾਂ ਪ੍ਰਵਾਨ ਕਰਦਾ ਹੈ।

ਇਸੇ ਲਈ ਕਹਿੰਦੇ ਹਨ ਕਿ ਜਿੱਥੇ ਬਹੁਤ ਰੋਣਾ-ਧੋਣਾ ਜਾਂ ਕਲੇਸ਼ ਹੋਵੇ, ਉੱਥੋਂ ਦੀ ਹਵਾ ਭਾਰੀ ਹੋ ਜਾਂਦੀ ਹੈ, ਅਤੇ ਜਿੱਥੇ ਪਾਠ, ਸਿਮਰਨ ਜਾਂ ਸੁਕੂਨ ਹੋਵੇ, ਉੱਥੇ ਵੜਦਿਆਂ ਹੀ ਮਨ ਆਪਣੇ ਆਪ ਸ਼ਾਂਤ ਹੋ ਜਾਂਦਾ ਹੈ।

Similar Posts

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।