ਇੱਕ ਕਦਮ ਅੱਗੇ, ਇੱਕ ਕਦਮ ਪਿੱਛੇ: ਕਦੋਂ ਤੱਕ?

ਗੁਰੂ ਦਾ ਸ਼ਬਦ ਮੇਰੀ ਜ਼ੁਬਾਨ ਪੜ੍ਹਦੀ ਜਾਏ, ਗਾਇਨ ਕਰਦੀ ਜਾਏ, ਪਰ ਜੇ ਕੰਨ ਨਾ ਸੁਣਨ ਤਾਂ ਸ਼ਬਦ ਅੰਦਰ ਪ੍ਰਵੇਸ਼ ਨਹੀਂ ਕਰਦਾ। ਤੇ ਜਿਸ ਸ਼ਬਦ ਨੇ ਅੰਦਰ ਪ੍ਰਵੇਸ਼ ਹੀ ਨਹੀਂ ਕੀਤਾ, ਤਾਂ ਅਧਿਆਤਮਿਕ ਬਲ ਕਿੱਥੋਂ ਬਣੇਗਾ? ਅਗਰ ਸੁਣਿਆ ਨਹੀਂ, ਤਾਂ ‘ਵਾਹਿਗੁਰੂ ਵਾਹਿਗੁਰੂ’ ਆਖਿਆ ਹੋਇਆ ਹਵਾ ਵਿੱਚ ਉੱਡ ਗਿਆ। ਬਹੁਤ ਸਾਰਾ ਤਾਂ ਹਵਾ ਵਿੱਚ ਹੀ ਉੱਡ ਜਾਂਦਾ ਹੈ। ਠੀਕ ਹੈ, ਹਵਾ ਥੋੜੀ ਪਵਿੱਤਰ ਹੋ ਸਕਦੀ ਹੈ, ਵਾਈਬਰੇਸ਼ਨ (ਕੰਪਨ) ਬਣ ਸਕਦੀ ਹੈ, ਪਰ ਮਨੁੱਖ ਦੀ ਆਪਣੀ ਉੰਨਤੀ ਕਿਸ ਤਰ੍ਹਾਂ ਹੋਵੇਗੀ?

ਗਾਵੀਐ ਸੁਣੀਐ ਮਨਿ ਰਖੀਐ ਭਾਉ ॥

ਮਨ ਦੇ ਵਿੱਚ ਭਰੋਸਾ ਤੇ ਪ੍ਰੇਮ ਵੀ ਹੋਵੇ। ‘ਭਾਉ’ ਸ਼ਬਦ ਜਿਹੜਾ ਹੈ, ਇਹ ਦੋ ਅਵਸਥਾਵਾਂ ਦੇ ਜੋੜ ਤੋਂ ਬਣਦਾ ਹੈ—ਪ੍ਰੇਮ ਅਤੇ ਭਰੋਸਾ। ਐਸਾ ਹੁੰਦਾ ਹੈ ਕਿ ਕਿਸੇ ‘ਤੇ ਅਸੀਂ ਭਰੋਸਾ ਤਾਂ ਕਰ ਲੈਂਦੇ ਹਾਂ, ਪਰ ਉਸ ਨਾਲ ਪ੍ਰੇਮ ਨਹੀਂ ਹੁੰਦਾ। ਪਰ ਜਿੱਥੇ ਕਿਸੇ ਨਾਲ ਪ੍ਰੇਮ ਹੋਵੇ, ਉੱਥੇ ਕਈ ਵਾਰ ਭਰੋਸਾ ਕਰਨਾ ਔਖਾ ਹੋ ਜਾਂਦਾ ਹੈ। ਤੁਸੀਂ ਆਖੋਗੇ ਕਿ ਇਹ ਅਜੀਬ ਗੱਲ ਹੈ; ਨਹੀਂ, ਆਪਣੇ ਮਾਸੂਮ ਬੱਚੇ ਨਾਲ ਬੜਾ ਪ੍ਰੇਮ ਹੁੰਦਾ ਹੈ, ਪਰ ਉਹਦੀ ਹਰ ਗੱਲ ‘ਤੇ ਭਰੋਸਾ ਥੋੜੀ ਕਰਾਂਗੇ, ਨਾਦਾਨ ਹੈ, ਨਾਸਮਝ ਹੈ। ਇਸੇ ਤਰ੍ਹਾਂ ਐਸਾ ਵੀ ਹੁੰਦਾ ਹੈ ਕਿ ਕਿਸੇ ‘ਤੇ ਸਾਨੂੰ ਭਰੋਸਾ ਹੁੰਦਾ ਹੈ ਕਿ ਇਹ ‘ਕਾਬਲ-ਏ-ਇਤਬਾਰ’ ਹੈ, ਇਸ ‘ਤੇ ਯਕੀਨ ਕੀਤਾ ਜਾ ਸਕਦਾ ਹੈ, ਪਰ ਉਸ ਨਾਲ ਕੋਈ ਗੂੜ੍ਹਾ ਸੰਬੰਧ ਜਾਂ ਪ੍ਰੇਮ ਨਹੀਂ ਹੁੰਦਾ।

ਜਦੋਂ ਪ੍ਰੇਮ ਅਤੇ ਭਰੋਸਾ—ਇਹ ਦੋਵੇਂ ਅਵਸਥਾਵਾਂ ਇਕੱਠੀਆਂ ਹੋ ਜਾਣ, ਤਾਂ ਇਸ ਅਵਸਥਾ ਦਾ ਨਾਮ ਬਣਦਾ ਹੈ ‘ਭਾਵਨਾ’। ਸਿਰਫ਼ ਪ੍ਰੇਮ ਨਹੀਂ, ਭਰੋਸਾ ਵੀ ਹੈ; ਸਿਰਫ਼ ਭਰੋਸਾ ਨਹੀਂ, ਪ੍ਰੇਮ ਵੀ ਹੈ। ਸੰਗਤ ਦੇ ਵਿੱਚ ਉਸ ਮਨੁੱਖ ਨੂੰ ਲਾਭ ਲੈਂਦਾ ਹੋਇਆ ਸਮਝ ਲਓ, ਜਿਸ ਦੀ ਇਹ ਭਾਵਨਾ ਵੱਧਦੀ ਜਾਏ। ਜਿਸ ਦੀ ਨਹੀਂ ਵਧ ਰਹੀ, ਉਹਨੂੰ ਅਜੇ ਪੂਰਨ ਤੌਰ ‘ਤੇ ਲਾਭ ਨਹੀਂ ਮਿਲ ਰਿਹਾ।

ਮਨ ਦਾ ਡੋਲਣਾ: ਸ਼ਰਧਾ ਅਤੇ ਸ਼ੱਕ

ਮਨੁੱਖ ਦਾ ਇਹ ਭਰੋਸਾ ਹੀ ਡੋਲਦਾ ਹੈ, ਇਸੇ ਵਾਸਤੇ ਅਰਦਾਸ ਹੈ:

ਹੇ ਪ੍ਰਭੂ! ਤੂੰ ਆਪਣਾ ਹੱਥ ਦੇ, ਕਿਉਂਕਿ ਭਰੋਸਾ ਡੋਲਦਾ ਹੈ, ਯਕੀਨ ਡੋਲਦਾ ਹੈ। ਮਨੁੱਖ ਦੇ ਅੰਦਰ ਸਿਰਫ਼ ਸ਼ਰਧਾ ਨਹੀਂ, ਸ਼ਰਧਾ ਦੇ ਨਾਲ-ਨਾਲ ਸ਼ੱਕ ਵੀ ਹੈ। ਸਿਰਫ਼ ਭਰੋਸਾ ਨਹੀਂ, ਅੰਦਰ ਇਨਕਾਰੀ ਬਿਰਤੀਆਂ ਵੀ ਹਨ। ਕਥਾ ਸੁਣ ਕੇ, ਕੀਰਤਨ ਸੁਣ ਕੇ, ਗੁਰਦੁਆਰੇ ਆ ਕੇ, ਦਰਸ਼ਨ ਕਰਕੇ ਥੋੜੀ ਜਿਹੀ ਸ਼ਰਧਾ ਪੈਦਾ ਹੋਈ; ਪਰ ਦਿਨ ਭਰ ਦੁਨਿਆਵੀ ਹਾਲਾਤ ਦੇਖੇ, ਸੰਸਾਰ ਦੇ ਹਾਲਾਤ ਪੜ੍ਹੇ, ਤਾਂ ਅੰਦਰ ਸ਼ੱਕ ਪੈਦਾ ਹੋ ਗਿਆ ਕਿ ਪਤਾ ਨਹੀਂ ਇਹ ਸਭ ਹੈ ਵੀ ਸਹੀ ਕਿ ਨਹੀਂ। ਸ਼ਰਧਾ-ਸ਼ੱਕ, ਸ਼ਰਧਾ-ਸ਼ੱਕ… ਇਸੇ ਵਿੱਚ ਹੀ ਸਾਰੀ ਜ਼ਿੰਦਗੀ ਬਤੀਤ ਹੋ ਜਾਂਦੀ ਹੈ। ਇਸੇ ਨੂੰ ਕਹਿੰਦੇ ਨੇ ‘ਡੋਲਣਾ’। ਮਨ ਡੋਲਦਾ ਰਹਿੰਦਾ ਹੈ—ਸ਼ਰਧਾ ਪੈਦਾ ਹੋਈ ਤਾਂ ਇੱਕ ਕਦਮ ਅੱਗੇ, ਸ਼ੱਕ ਪੈਦਾ ਹੋਇਆ ਤਾਂ ਇੱਕ ਕਦਮ ਪਿੱਛੇ। ਅਗਰ ਕੋਈ ਮਨੁੱਖ ਸਾਰੀ ਜ਼ਿੰਦਗੀ ਇਸ ਤਰ੍ਹਾਂ ਚਲਦਾ ਰਹੇ, ਤਾਂ ਇੱਕ ਕਦਮ ਅੱਗੇ ਤੇ ਇੱਕ ਕਦਮ ਪਿੱਛੇ ਪੁੱਟ ਕੇ ਉਹ ਚੱਲ-ਚੱਲ ਕੇ ਟੁੱਟੇਗਾ, ਥੱਕੇਗਾ, ਪਰ ਪਹੁੰਚੇਗਾ ਕਿੱਥੇ? ਭਾਵੇਂ ਉਸਦੀ ਮਿਹਨਤ ਬੜੀ ਸੀ, ਸਾਧਨਾ ਬੜੀ ਸੀ, ਪਰ ਉਹ ਉੱਥੇ ਦਾ ਉੱਥੇ ਹੀ ਰਹਿ ਗਿਆ।

ਅਕਸਰ ਐਸਾ ਦੇਖਣ ਨੂੰ ਮਿਲਦਾ ਹੈ ਕਿ 30-40 ਸਾਲਾਂ ਤੋਂ ਕਈ ਲੋਕ ਗੁਰਦੁਆਰੇ ਆਉਂਦੇ ਰਹਿੰਦੇ ਨੇ, ਜਵਾਨ ਤੋਂ ਬੁੱਢੇ ਹੋ ਗਏ ਨੇ, ਪਰ 40 ਸਾਲ ਪਹਿਲਾਂ ਜਿੱਥੇ ਸਨ, ਅੱਜ ਵੀ ਉੱਥੇ ਹੀ ਨੇ। ਮੁੱਖ ਕਾਰਨ ਕੀ ਹੈ? ਸ਼ਰਧਾ-ਸ਼ੱਕ, ਸ਼ਰਧਾ-ਸ਼ੱਕ ਵਿੱਚ ਮਨ ਡੋਲਦਾ ਰਿਹਾ। ਸ਼ਰਧਾ ਪੈਦਾ ਹੋਈ ਤਾਂ ਸਤਸੰਗ ਵਿੱਚ ਬੈਠ ਗਿਆ, ਸ਼ੱਕ ਪੈਦਾ ਹੋਇਆ ਤਾਂ ਕੁਸੰਗਤ ਵਿੱਚ ਜਾ ਬੈਠਾ। ਸ਼ਰਧਾ ਪੈਦਾ ਹੋਈ ਤਾਂ ਅੰਦਰ ਦਾਨ ਦੀਆਂ ਬਿਰਤੀਆਂ ਆਈਆਂ, ਸ਼ੱਕ ਪੈਦਾ ਹੋਇਆ ਤਾਂ ਬੇਈਮਾਨੀ ਆ ਗਈ। ਸ਼ਰਧਾ ਪੈਦਾ ਹੋਈ ਤਾਂ ਸੁਖਮਨੀ ਸਾਹਿਬ ਦਾ ਪਾਠ ਪਿਆ ਕਰਦਾ ਹੈ, ਸ਼ੱਕ ਪੈਦਾ ਹੋਇਆ ਤਾਂ ਗੰਦੇ ਗੀਤ ਪਿਆ ਅਲਾਪਦਾ ਹੈ। ਸ਼ਰਧਾ ਪੈਦਾ ਹੋਈ ਤਾਂ ਅੰਮ੍ਰਿਤ ਛਕਣ ਦਾ ਖ਼ਿਆਲ ਆਇਆ, ਸ਼ੱਕ ਪੈਦਾ ਹੋਇਆ ਤਾਂ ਸ਼ਰਾਬ ਦੀ ਬੋਤਲ ਖੋਲ੍ਹ ਕੇ ਬੈਠ ਗਿਆ। 

ਦੇਖਣ ਅਤੇ ਸੁਣਨ ਦਾ ਫ਼ਰਕ: ਇਤਿਹਾਸਕ ਪ੍ਰਮਾਣ

ਮੈਂ ਫਿਰ ਅਰਜ਼ ਕਰਾਂ, ਭੋਜਨ ਦੀ ਬੁਰਕੀ ਮੂੰਹ ਦੇ ਰਾਹੀਂ ਅੰਦਰ ਜਾਏਗੀ ਤਾਂ ਖ਼ੂਨ ਬਣੇਗੀ, ਮਾਸ ਬਣੇਗੀ। ਸਰੀਰ ਆਖਰ ਭੋਜਨ ਦਾ ਹੀ ਮੁਜੱਸਮਾ ਹੈ ਨਾ? ਜੇ ਭੋਜਨ ਕੁਝ ਦਿਨ ਨਾ ਛਕੀਏ, ਤਾਂ ਸਰੀਰ ਨਹੀਂ ਚੱਲੇਗਾ, ਖ਼ਤਮ ਹੋ ਜਾਏਗਾ। ਪਰ ਜੇ ਭੋਜਨ ਦੀ ਬੁਰਕੀ ਸਿਰਫ਼ ਮੂੰਹ ਦੇ ਵਿੱਚ ਹੀ ਰੱਖ ਲਈਏ, ਲੰਘਾਈਏ ਨਾ, ਤਾਂ ਭੁੱਖ ਨਹੀਂ ਮਿੱਟੇਗੀ। ਇਸੇ ਤਰ੍ਹਾਂ, ਜੇ ਗੁਰੂ ਦਾ ਸ਼ਬਦ ਸਿਰਫ਼ ਜ਼ੁਬਾਨ ‘ਤੇ ਰਹੇ ਅਤੇ ਕੰਨ ਨਾ ਸੁਣਨ, ਤਾਂ ਅਧਿਆਤਮਿਕ ਬਲ ਅਤੇ ਰਸ ਦੀ ਪ੍ਰਾਪਤੀ ਨਹੀਂ ਹੁੰਦੀ।

ਸ਼ਬਦ ਤਾਂ ਸੁਣਨ ਦੀ ਵਸਤੂ ਹੈ। ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਸਿਰਫ਼ ਬਾਹਰੀ ਅੱਖਾਂ ਨਾਲ ਵੇਖਿਆ, ਵੇਖਣ ਵਾਲਿਆਂ ਨੇ ਉਨ੍ਹਾਂ ਨੂੰ ‘ਭੂਤਨਾ’ ਵੀ ਆਖਿਆ, ‘ਬੇਤਾਲਾ’ ਵੀ ਆਖਿਆ, ਪੱਥਰ ਵੀ ਮਾਰੇ। ਬਾਬਰ ਨੇ ਜੇਲ੍ਹ ਵਿੱਚ ਪਾ ਦਿੱਤਾ। ਦੂਰ ਕਿਉਂ ਜਾਈਏ, ਰੁਪਇਆਂ ਬਦਲੇ ਪਿਤਾ ਨੇ ਵੀ ਦੋ ਚਪੇੜਾਂ ਮਾਰ ਦਿੱਤੀਆਂ, ਮਮਤਾ ਦੀ ਮਾਰੀ ਹੋਈ ਮਾਂ ਵੀ ਕਹਿਣ ਲੱਗੀ ਕਿ ਪੁੱਤ ਸ਼ੁਦਾਈ ਲੱਗਦਾ ਹੈ। ਜਿਨ੍ਹਾਂ ਨੇ ਸਿਰਫ਼ ਵੇਖਿਆ, ਉਨ੍ਹਾਂ ਨੇ ਇਹ ਕੁਝ ਕਿਹਾ; ਪਰ ਜਿਨ੍ਹਾਂ ਨੇ ਸੁਣਿਆ, ਉਹ ਨਿਹਾਲ ਹੋ ਗਏ, ਉਨ੍ਹਾਂ ਦੇ ਕਪਾਟ ਖੁੱਲ੍ਹ ਗਏ।

ਇਤਿਹਾਸ ਦੇ ਕੁੱਝ ਪੰਨੇ ਫੋਲੀਏ ਤਾਂ:

ਗੁਰੂ ਅਰਜਨ ਦੇਵ ਜੀ: ਵੇਖਣ ਵਾਲਿਆਂ ਨੇ ਉਨ੍ਹਾਂ ਨੂੰ ਤੱਤੀ ਤਵੀ ‘ਤੇ ਬਿਠਾ ਦਿੱਤਾ, ਉਬਲਦੀ ਦੇਗ ਵਿੱਚ ਪਾਇਆ, ਗਰਮ ਰੇਤ ਪਾਈ। ਪਰ ਜਿਨ੍ਹਾਂ ਨੇ ਸੁਣਿਆ—ਜਿਵੇਂ ਸਾਂਈ ਮੀਆਂ ਮੀਰ, ਭਾਈ ਗੁਰਦਾਸ, ਬਾਬਾ ਬੁੱਢਾ ਜੀ, ਭਾਈ ਮੰਝ—ਉਹ ਕੁਰਬਾਨ ਗਏ।

ਗੁਰੂ ਤੇਗ ਬਹਾਦਰ ਜੀ: ਵੇਖਣ ਵਾਲਿਆਂ ਨੇ ਉਨ੍ਹਾਂ ਨੂੰ ਚਾਂਦਨੀ ਚੌਂਕ ਵਿੱਚ ਸ਼ਹੀਦ ਕਰ ਦਿੱਤਾ, ਪਿੰਜਰੇ ਵਿੱਚ ਕੈਦ ਰੱਖਿਆ ਜਿੱਥੇ ਹਿੱਲਣ ‘ਤੇ ਸੂਲਾਂ ਚੁੱਭਦੀਆਂ ਸਨ। ਪਰ ਜਿਨ੍ਹਾਂ ਨੇ ਸੁਣਿਆ, ਉਨ੍ਹਾਂ ਵਿੱਚ ਤਿਆਗ, ਵੈਰਾਗ ਤੇ ਭਗਤੀ ਪੈਦਾ ਹੋਈ।

ਜਿਹਨਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਿਰਫ਼ ਵੇਖਿਆ: ਵੇਖਣ ਵਾਲਿਆਂ ਨੇ ਸੰਨ 1984 ਵਿੱਚ ਹਜ਼ਾਰਾਂ ਪਾਵਨ ਬੀੜਾਂ ਦੀ ਬੇਅਦਬੀ ਕੀਤੀ, ਪਰ ਜਿਨ੍ਹਾਂ ਨੇ ਸੁਣਿਆ, ਉਹ ਇਸਦੀ ਇੱਕ-ਇੱਕ ਪੰਗਤੀ ਤੋਂ ਨਿਛਾਵਰ ਜਾਂਦੇ ਨੇ।

ਗੁਰੂ ਸੁਣਨ ਦਾ ਵਿਸ਼ਾ ਹੈ, ਵੇਖਣ ਦਾ ਨਹੀਂ। ਔਰ ਸੁਣਨਾ ਹੀ ਸਭ ਤੋਂ ਕਠਿਨ ਹੈ, ਕਿਉਂਕਿ ਬਿਨਾਂ ਪੂਰੇ ਧਿਆਨ ਤੋਂ ਸੁਣਨਾ ਔਖਾ ਹੈ। ਸਾਡੇ ਹਿੰਦੂ ਵੀਰ ਮੰਦਰ ਜਾਂਦੇ ਨੇ ਮੂਰਤੀ ਦੇ ਦਰਸ਼ਨ ਕਰਨ, ਉਨ੍ਹਾਂ ਦੀ ਸਾਰੀ ਸਾਧਨਾ ਵੇਖਣ ‘ਤੇ ਖੜ੍ਹੀ ਹੈ। ਮੁਸਲਮਾਨ ਵੀਰ ਮਸਜਿਦ ਜਾਂਦੇ ਨੇ ਨਮਾਜ਼ ਪੜ੍ਹਨ, ਉਨ੍ਹਾਂ ਦੀ ਸਾਧਨਾ ਪੜ੍ਹਨ ‘ਤੇ ਖੜ੍ਹੀ ਹੈ। ਸਿੱਖ ਗੁਰਦੁਆਰੇ ਜਾਂਦਾ ਹੈ ਗੁਰੂ ਦਾ ਸ਼ਬਦ ਸੁਣਨ ਲਈ, ਉਸਦੀ ਸਾਰੀ ਸਾਧਨਾ ਕੰਨਾਂ ‘ਤੇ (ਸੁਣਨ ‘ਤੇ) ਖੜ੍ਹੀ ਹੈ। ਵੇਖਣਾ ਆਸਾਨ ਹੈ, ਜੋ ਸਾਹਮਣੇ ਹੈ ਦਿਸ ਪਏਗਾ। ਪੜ੍ਹਨ ਲਈ ਥੋੜਾ ਧਿਆਨ ਚਾਹੀਦਾ ਹੈ, ਪਰ ਸੁਣਨ ਲਈ ਪੂਰਾ ਧਿਆਨ ਚਾਹੀਦਾ ਹੈ। ਕਈ ਵਾਰ ਕੋਈ ਉੱਚੀ ਬੋਲ ਰਿਹਾ ਹੁੰਦਾ ਹੈ ਤੇ ਸੁਣਨ ਵਾਲਾ ਕਹਿੰਦਾ ਹੈ, ‘ਮਿੱਤਰਾ, ਇਹ ਗੱਲ ਫਿਰ ਆਖੀਂ, ਮੈਂ ਸੁਣੀ ਨਹੀਂ।’ ਕਿਉਂ ਨਹੀਂ ਸੁਣੀ? ਕਿਉਂਕਿ ਧਿਆਨ ਕਿਸੇ ਹੋਰ ਪਾਸੇ ਸੀ। ਧਿਆਨ ਨਾ ਹੋਵੇ ਤਾਂ ਕੰਨ ਨਹੀਂ ਸੁਣ ਸਕਦੇ।

ਸ਼ਬਦ ਦਾ ਬਾਣ ਅਤੇ ਬਿਰਹੋਂ ਦੀ ਪੀੜ:

ਜਦੋਂ ਕੋਈ ਪੂਰੇ ਧਿਆਨ ਨਾਲ ਗੁਰੂ ਦਾ ਸ਼ਬਦ ਸੁਣਦਾ ਹੈ, ਤਾਂ ਸ਼ਬਦ ਅਜਿਹਾ ਮੰਤਰ ਹੈ ਜੋ ਹਿਰਦੇ ਵਿੱਚ ਤੀਰ ਦੀ ਤਰ੍ਹਾਂ ਜਾ ਵੱਜਦਾ ਹੈ। ਤਨ ਨੂੰ ਤੀਰ ਲੱਗੇ ਤਾਂ ਖ਼ੂਨ ਨਿਕਲੇਗਾ, ਮਨ ਨੂੰ ਸ਼ਬਦ ਦਾ ਤੀਰ ਲੱਗੇ ਤਾਂ ਅੰਦਰੋਂ ਵਾਸ਼ਨਾ, ਲੋਭ ਅਤੇ ਹੰਕਾਰ ਨਿਕਲ ਜਾਏਗਾ। ਤਨ ਨੂੰ ਤੀਰ ਲੱਗਣ ‘ਤੇ ਮਨੁੱਖ ਤੜਪਦਾ ਹੋਇਆ ‘ਹਾਏ ਪਾਣੀ, ਕਹਿੰਦਾ ਹੈ। ਇਸੇ ਤਰ੍ਹਾਂ ਜਦੋਂ ਗੁਰੂ ਦਾ ਸ਼ਬਦ ਮਨ ਨੂੰ ਲੱਗਦਾ ਹੈ, ਵਾਸ਼ਨਾ ਨਿਕਲਦੀ ਹੈ, ਮਨ ਵੀ ਤੜਪਦਾ ਹੈ ਅਤੇ ਜ਼ੁਬਾਨ ‘ਵਾਹਿਗੁਰੂ ਵਾਹਿਗੁਰੂ’ ਜਪਣ ਲੱਗ ਪੈਂਦੀ ਹੈ। ਉਸ ‘ਵਾਹਿਗੁਰੂ’ ਕਹਿਣ ਵਿੱਚ ਕੁਝ ਹੋਰ ਹੀ ਰਸ ਹੁੰਦਾ ਹੈ।

ਭਾਈ ਗੁਰਦਾਸ ਜੀ, ਜਿਨ੍ਹਾਂ ਦੀ ਬਾਣੀ ਨੂੰ ਗੁਰਬਾਣੀ ਦੀ ‘ਕੁੰਜੀ’ ਆਖਿਆ ਗਿਆ ਹੈ (ਕਿਉਂਕਿ ਉਨ੍ਹਾਂ ਨੇ ਗੁਰਬਾਣੀ ਦੇ ਗੂੜ੍ਹ ਰਹੱਸਾਂ ਨੂੰ ਖੋਲ੍ਹਿਆ ਹੈ), ਉਨ੍ਹਾਂ ਨੇ ਇੱਕ ਕਬਿੱਤ ਵਿੱਚ ਸੰਸਾਰ ਦੇ ਸਾਰੇ ਦੁੱਖਾਂ ਦੀ ਤੁਲਨਾ ਪ੍ਰਭੂ ਦੇ ਵਿਛੋੜੇ ਨਾਲ ਕੀਤੀ ਹੈ। ਇਹ ਪੀੜਾ ਕੋਈ ਦੂਸਰਾ ਤੀਸਰਾ ਨਹੀ ਜਾਣ ਸਕਦਾ। ਅਧਿਆਤਮਕ ਪੀੜਾ ਜਿਤਨੀ ਗਹਿਰੀ ਹੈ ਦੁਨੀਆਂ ਵਿੱਚ ਕੋਈ ਪੀੜਾ ਇਤਨੀ ਗਹਿਰੀ ਨਹੀਂ ਹੈ।

ਉਹ ਲਿਖਦੇ ਨੇ ਕਿ ਜੇਕਰ:

1. ਜਿਉਂਦਾ-ਜਾਗਦਾ ਮਨੁੱਖ ਅੱਗ ਵਿੱਚ ਸੜ ਰਿਹਾ ਹੋਵੇ; ਉਸ ਵੇਲੇ ਸੜਦਿਆਂ ਹੋਇਆਂ ਸਰੀਰ ਨੂੰ ਜਿਹੜੀ ਭਿਅੰਕਰ ਪੀੜਾ ਹੁੰਦੀ ਹੈ, ਭਾਈ ਸਾਹਿਬ ਕਹਿੰਦੇ ਨੇ ਕਿ ਉਹ ਸਾਰੀ ਪੀੜਾ ਇਕੱਠੀ ਕਰੀਏ।

2. ਕੋਈ ਮਨੁੱਖ ਗਹਿਰੇ ਪਾਣੀ ਵਿੱਚ ਡੁੱਬ ਰਿਹਾ ਹੋਵੇ; ਡੁੱਬਦਿਆਂ ਅਤੇ ਤੜਪਦਿਆਂ ਹੋਇਆਂ ਉਸ ਨੂੰ ਜਿਹੜੀ ਪੀੜਾ ਹੁੰਦੀ ਹੈ, ਉਹ ਵੀ ਇਕੱਠੀ ਕਰੀਏ।

3. ਕਿਸੇ ਨੂੰ ਕੋਬਰੇ ਨਾਗ ਨੇ ਡੰਗ ਲਿਆ ਹੋਵੇ ਅਤੇ ਸਰੀਰ ਵਿੱਚ ਜ਼ਹਿਰ ਚੜ੍ਹ ਰਿਹਾ ਹੋਵੇ; ਉਸ ਸਮੇਂ ਜੋ ਸਰੀਰਕ ਅਤੇ ਮਾਨਸਿਕ ਪੀੜਾ ਹੁੰਦੀ ਹੈ, ਉਹ ਵੀ ਇਕੱਠੀ ਕਰੀਏ।

4. ਅਨੇਕਾਂ ਸ਼ਸਤਰਾਂ ਨਾਲ ਤਨ ਦਾ ਰੋਮ-ਰੋਮ ਜ਼ਖ਼ਮੀ ਹੋਵੇ; ਉਸ ਦਰਦ ਨੂੰ ਵੀ ਇਕੱਠਾ ਕਰੀਏ।

5. ਮਨੁੱਖ ਦੀਆਂ ਲੋੜਾਂ ਅਨੇਕਾਂ ਹੋਣ—ਕੱਪੜੇ ਦੀ ਲੋੜ ਹੋਵੇ ਪਰ ਨਾ ਮਿਲੇ, ਭੋਜਨ ਦੀ ਲੋੜ ਹੋਵੇ, ਪਾਣੀ ਦੀ ਲੋੜ ਹੋਵੇ ਪਰ ਪਾਣੀ ਨਾ ਮਿਲ ਰਿਹਾ ਹੋਵੇ; ਇਸ ਪੀੜਾ ਨੂੰ ਵੀ ਇਕੱਠੀ ਕਰੀਏ।

6. ਸਰੀਰ ਵਿੱਚ ਕੋਈ ਰੋਗ ਜਾਂ ਬਹੁਤ ਤੇਜ਼ ਪੀੜ ਹੋਵੇ, ਭਾਈ ਸਾਹਿਬ ਕਹਿੰਦੇ ਨੇ ਕਿ ਇਸ ਦੁੱਖ ਨੂੰ ਵੀ ਇਕੱਠਾ ਕਰੀਏ।

7. ਪਰਾਈ ਅਧੀਨਗੀ ਵਿੱਚ ਰਹਿਣਾ ਪੈ ਰਿਹਾ ਹੋਵੇ, ਬੇਕਸੂਰ ਹੁੰਦਿਆਂ ਵੀ ਤਾੜਨਾ (ਝਿੜਕਾਂ) ਸਹਿਣੀ ਪਵੇ ਅਤੇ ਅੱਗੋਂ ਜਵਾਬ ਦੇਣ ਦੀ ਹਿੰਮਤ ਨਾ ਹੋਵੇ; ਉਸ ਸਮੇਂ ਜੋ ਮਨ ਨੂੰ ਪੀੜਾ ਆਉਂਦੀ ਹੈ, ਭਾਈ ਸਾਹਿਬ ਕਹਿੰਦੇ ਨੇ ਕਿ ਉਹ ਵੀ ਇਕੱਠੀ ਕਰੀਏ।

8. ਗਰਮੀ, ਸਰਦੀ ਅਤੇ ਬਰਸਾਤ ਤੋਂ ਬਚਣ ਦਾ ਕੋਈ ਸਾਧਨ ਨਾ ਹੋਵੇ ਅਤੇ ਦਿਨ-ਰਾਤ ਕੜਾਕੇ ਦੀ ਠੰਢ ਜਾਂ ਗਰਮੀ ਵਿੱਚ ਰਹਿਣਾ ਪੈ ਰਿਹਾ ਹੋਵੇ, ਇਹ ਤਕਲੀਫ਼ ਵੀ ਇਕੱਠੀ ਕਰੀਏ।

9. ਜੀਵ-ਹੱਤਿਆ, ਭਗਤ ਦੀ ਹੱਤਿਆ, ਵਿਸ਼ਵਾਸਘਾਤ, ਕੁਲ-ਘਾਤ ਅਤੇ ਗੁਰੂ-ਦਰੋਹ ਵਰਗੇ  ਪਾਪਾਂ ਦਾ ਮਨ ‘ਤੇ ਬੋਝ ਹੋਵੇ; ਉਸ ਬੋਝ ਅਤੇ ਪਛਤਾਵੇ ਕਰਕੇ ਜਦੋਂ ਮਨ ਪੀੜਿਤ ਹੁੰਦਾ ਹੈ, ਭਾਈ ਸਾਹਿਬ ਕਹਿੰਦੇ ਨੇ ਕਿ ਉਹ ਸਾਰੀ ਬੇਚੈਨੀ ਵੀ ਇਕੱਠੀ ਕਰੀਏ।

ਭਾਈ ਸਾਹਿਬ ਕਹਿੰਦੇ ਨੇ ਕਿ ਮੈਂ ਦੁਨੀਆਂ ਦੇ ਸਾਰੇ ਦੁੱਖਾਂ ਨੂੰ ਸੋਧ ਕੇ (ਇਕੱਠੇ ਕਰਕੇ) ਵੇਖ ਲਿਆ ਹੈ:

ਅਨਿਕ ਪ੍ਰਕਾਰ ਜੋਰਿ ਸਗਲ ਸੰਸਾਰ ਸੋਧੇ, ਪੀਆ ਕੇ ਬਿਛੋਹ ਪਲੁ ਇਕੁ ਨ ਪੁਜਾਤਿ ਹੈ ॥

ਪਰਮਾਤਮਾ ਦੇ ਵਿਛੋੜੇ ਦਾ ਜਿਹੜਾ ਇੱਕ ਪਲ ਹੈ, ਸੰਸਾਰ ਦੇ ਸਾਰੇ ਦੁੱਖ ਮਿਲ ਕੇ ਵੀ ਉਸ ਇੱਕ ਪਲ ਦੀ ਪੀੜ ਦੇ ਬਰਾਬਰ ਨਹੀਂ ਹੋ ਸਕਦੇ। 

ਭਗਤ ਕਬੀਰ ਜੀ ਵੀ ਫ਼ੁਰਮਾਉਂਦੇ ਨੇ: 

ਸਤਿਗੁਰੂ ਨੇ ਅਜਿਹਾ ਬਾਣੀ ਦਾ ਬਾਣ ਮਾਰਿਆ ਕਿ ਮੈਂ ਧਰਤੀ ‘ਤੇ ਡਿੱਗ ਪਿਆ, ਮੇਰਾ ਹੰਕਾਰ ਮਿਟ ਗਿਆ। ਗੁਰੂ ਦੇ ਸ਼ਬਦ ਦਾ ਬਾਣ ਲੱਗਦਿਆਂ ਹੀ ਮੈਂ ‘ਗੂੰਗਾ’ ਹੋ ਗਿਆ—ਹੁਣ ਮੇਰੀ ਜ਼ੁਬਾਨ ਕੌੜਾ ਨਹੀਂ ਬੋਲਦੀ। ‘ਬਾਵਰਾ’ (ਭੋਲਾ) ਹੋ ਗਿਆ—ਭੋਲੇ ਦਾ ਮਤਲਬ ਮੂਰਖ ਨਹੀਂ, ਬਲਕਿ ਉਹ ਜੋ ਅੰਦਰੋਂ-ਬਾਹਰੋਂ ਇੱਕ ਹੋ ਗਿਆ। ਬਿਨਾਂ ਭੋਲੇ-ਭਾਅ ਤੋਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਕਬੀਰ ਜੀ ਕਹਿੰਦੇ ਨੇ ਕਿ ਮੈਂ ਕੰਨਾਂ ਤੋਂ ‘ਬਹਿਰਾ’ ਹੋ ਗਿਆ—ਹੁਣ ਮੈਂ ਫ਼ਿਜ਼ੂਲ ਜਾਂ ਨਿੰਦਾ ਨਹੀਂ ਸੁਣਦਾ, ਸਿਰਫ਼ ਪ੍ਰਭੂ ਦੇ ਬੋਲ ਸੁਣਦਾ ਹਾਂ। ਪੈਰਾਂ ਤੋਂ ‘ਪਿੰਗਲਾ’ ਹੋ ਗਿਆ—ਭਾਵ ਮਨ ਦੀ ਦੌੜ-ਭੱਜ ਤੇ ਭਟਕਣਾ ਮਿੱਟ ਗਈ ਹੈ। ਮਿਰਜ਼ਾ ਗ਼ਾਲਿਬ ਨੇ ਇਸ ਅਵਸਥਾ ਨੂੰ ਬੜੇ ਸੋਹਣੇ ਢੰਗ ਨਾਲ ਲਿਖਿਆ ਹੈ:

ਮੇਰੇ ਟੂਟੇ ਹੂਏ ਪਾਏ-ਤਲਬ ਕਾ ਮੁਝ ਪੇ ਅਹਿਸਾਨ ਹੈ ਗ਼ਾਲਿਬ, > ਤੁਮਹਾਰੇ ਦਰ ਸੇ ਅਬ ਉੱਠ ਕਰ ਕਹੀਂ ਜਾਇਆ ਨਹੀਂ ਜਾਤਾ। > ਮੁਹੱਬਤ ਅਸਲ ਮੇਂ ਮਖ਼ਮੂਰ-ਏ-ਰਾਜ਼-ਏ-ਹਕੀਕਤ ਹੈ, > ਸਮਝ ਮੇਂ ਆ ਗਿਆ ਹੈ ਫਿਰ ਵੀ ਸਮਝਾਇਆ ਨਹੀਂ ਜਾਤਾ।

ਅਮੀਰ ਖ਼ੁਸਰੋ, ਜੋ ਇੱਕ ਮਹਾਨ ਸੂਫ਼ੀ ਫ਼ਕੀਰ ਸਨ, ਉਹ ਕਹਿੰਦੇ ਨੇ, “ਐ ਖ਼ੁਦਾ! ਇਹ ਜਿਹੜੀ ਮੈਂ ਰੋਜ਼ ਦੁਆ ਕਰਦਾ ਹਾਂ, ਅਰਦਾਸ ਕਰਦਾ ਹਾਂ ਕਿ ਤੂੰ ਮੈਨੂੰ ਮਿਲ, ਤੂੰ ਮੈਨੂੰ ਮਿਲ… ਮੇਰੀ ਇਹ ਅਰਦਾਸ ਕਦੇ ਕਬੂਲ ਨਾ ਕਰੀਂ। ਬਸ ਮੈਨੂੰ ਅਰਦਾਸ ਕਰਨ ਦੇ, ਕਿਉਂਕਿ ਇਸ ਤੜਪਣ ਦੇ ਵਿੱਚ ਵੀ ਇੱਕ ਵੱਖਰਾ ਹੀ ਸਵਾਦ ਹੈ, ਇਸ ਦੇ ਵਿੱਚ ਵੀ ਇੱਕ ਰਸ ਹੈ। ਕਮ-ਸੇ-ਕਮ ਮੈਨੂੰ ਇਤਨਾ ਅਹਿਸਾਸ ਤਾਂ ਰਹੇਗਾ ਕਿ ਮੈਂ ਤੈਥੋਂ ਵਿਛੜਿਆ ਹੋਇਆ ਹਾਂ।”

ਸਤਸੰਗ ਕਰਦਿਆਂ-ਕਰਦਿਆਂ, ਪਾਠ ਕਰਦਿਆਂ-ਕਰਦਿਆਂ, ਕਿਸੇ ਦਿਨ ਕੀਰਤਨ ਦੀ ਕੋਈ ਪੰਗਤੀ ਜਾਂ ਗੁਰੂ ਦਾ ਸ਼ਬਦ ਹਿਰਦੇ ਨੂੰ ਇੰਝ ਲੱਗਦਾ ਹੈ ਜਿਵੇਂ ਤੀਰ ਵੱਜਦਾ ਹੈ। ਸਾਰੀ ਵਾਸ਼ਨਾ ਤੇ ਹੰਕਾਰ ਨਿਕਲ ਜਾਂਦਾ ਹੈ, ਔਰ ਫਿਰ ਮਨੁੱਖ ਤੜਪਦੇ ਹਿਰਦੇ ਨਾਲ ‘ਵਾਹਿਗੁਰੂ ਵਾਹਿਗੁਰੂ’ ਜਪਦਾ ਹੈ। ਉਹ ਜਪਣਾ ਪ੍ਰਵਾਨ ਹੋ ਜਾਂਦਾ ਹੈ, ਔਰ ਮਨੁੱਖ ਈਸ਼ਵਰ ਦਾ ਰੂਪ ਹੋ ਜਾਂਦਾ ਹੈ। ਗੱਲ ਸਾਰੀ ਸੁਣਨ ਦੀ ਹੈ, ਗੁਰੂ ਸੁਣਨ ਦਾ ਵਿਸ਼ਾ ਹੈ। ਅਗਰ ਸੁਣਨ ਦੀ ਜਾਚ ਕਿਸੇ ਨੂੰ ਆ ਜਾਏ, ਤਾਂ ਸਾਹਿਬ ਕਹਿੰਦੇ ਨੇ:

ਨਾਨਕ ਭਗਤਾ ਸਦਾ ਵਿਗਾਸੁ ॥ ਸੁਣੀਐ ਦੂਖ ਪਾਪ ਕਾ ਨਾਸੁ ॥

Similar Posts

Leave a Reply

Your email address will not be published. Required fields are marked *