ਬੀਤਿਆ ਹੋਇਆ ਸਮਾਂ ਲੰਘ ਚੁੱਕਾ ਹੈ। ਪਰ ਸਿਰਫ਼ ਇਹ ਕਹਿ ਦੇਣਾ ਕਿ “ਅੱਗੇ ਵਧਦੇ ਚਲੋ, ਜੋ ਹੋ ਗਿਆ ਸੋ ਹੋ ਗਿਆ” ਹੀ ਬੀਤੇ ਸਮੇਂ ਨੂੰ ਸਵੀਕਾਰ ਕਰਨਾ ਨਹੀਂ ਹੁੰਦਾ।
ਬੀਤੇ ਸਮੇਂ (Past) ਨੂੰ ਨਜ਼ਰਅੰਦਾਜ਼ (Ignore) ਕਰਨਾ ਅਤੇ ਬੀਤੇ ਸਮੇਂ ਨੂੰ ਸਵੀਕਾਰ (Accept) ਕਰਨਾ ਉੱਪਰੋਂ ਦੇਖਣ ਵਿੱਚ ਇੱਕੋ ਜਿਹੇ ਲੱਗ ਸਕਦੇ ਹਨ—ਕਿਉਂਕਿ ਦੋਵਾਂ ਹੀ ਹਾਲਾਤਾਂ ਵਿੱਚ ਇਨਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ — ਪਰ ਅੰਦਰੋਂ, ਤੁਹਾਡੇ ਦਿਮਾਗ ਅਤੇ ਸਕੂਨ ‘ਤੇ ਇਹਨਾਂ ਦਾ ਅਸਰ ਬਿਲਕੁਲ ਵੱਖਰਾ ਹੁੰਦਾ ਹੈ।
ਇਹਨਾਂ ਵਿਚਕਾਰ ਅਸਲੀ ਫ਼ਰਕ ਇਹ ਹੈ:
• ਬੀਤੇ ਹੋਏ ਸਮੇਂ ਨੂੰ ਨਜ਼ਰਅੰਦਾਜ਼ ਕਰਨ ਦਾ ਕੀ ਮਤਲਬ ਹੈ?
ਜਦੋਂ ਤੁਸੀਂ ਬੀਤੇ ਸਮੇਂ ਨੂੰ ਨਜ਼ਰਅੰਦਾਜ ਕਰਦੇ ਹੋ, ਤਾਂ ਤੁਸੀਂ ਉਹਨਾਂ ਯਾਦਾਂ ਜਾਂ ਜਜ਼ਬਾਤਾਂ ਤੋਂ ਭੱਜ ਰਹੇ ਹੁੰਦੇ ਹੋ। ਤੁਸੀਂ ਉਹਨਾਂ ਨੂੰ ਇੱਕ ਡੱਬੇ ਵਿੱਚ ਬੰਦ ਕਰਕੇ ਦਿਮਾਗ ਦੇ ਕਿਸੇ ਕੋਨੇ ਵਿੱਚ ਛੁਪਾ ਦਿੰਦੇ ਹੋ ਅਤੇ ਸੋਚਦੇ ਹੋ ਕਿ ਸਭ ਠੀਕ ਹੋ ਗਿਆ।
ਕਿਵੇਂ ਦਿਖਦਾ ਹੈ:
“ਜੋ ਹੋਇਆ ਸੋ ਹੋਇਆ, ਮੈਂ ਇਸ ਬਾਰੇ ਗੱਲ ਹੀ ਨਹੀਂ ਕਰਨੀ,”
ਜਾਂ ਖੁਦ ਨੂੰ ਇੰਨਾ ਬਿਜ਼ੀ ਕਰ ਲੈਣਾ ਕਿ ਪੁਰਾਣੀਆਂ ਗੱਲਾਂ ਯਾਦ ਹੀ ਨਾ ਆਉਣ। ਪਰ ਅਸਲ ਵਿੱਚ ਉਹ ਬੀਤਿਆ ਸਮਾਂ ਭੁੱਲਿਆ ਨਹੀਂ ਹੁੰਦਾ। ਬੀਤੇ ਸਮੇਂ ਦੀ ਕੋਈ ਵੀ ਯਾਦ ਅਗਰ ਅਸੀ ਨਜ਼ਰਅੰਦਾਜ ਕਰਾਂਗੇ ਤਾਂ ਵੀ ਉਹ ਸਾਡੇ ਅਵਚੇਤਨ ਮਨ (Subconscious Mind) ਵਿੱਚ ਲੁੱਕੀ ਰਹਿੰਦੀ ਹੈ।
ਨੁਕਸਾਨ: ਇਗਨੋਰ ਕੀਤਾ ਹੋਇਆ ਪਾਸਟ ਕਦੇ ਮਰਦਾ ਨਹੀਂ। ਉਹ ਅੰਦਰ ਹੀ ਅੰਦਰ ਘੁਟਦਾ ਰਹਿੰਦਾ ਹੈ ਅਤੇ ਬਾਅਦ ਵਿੱਚ ਘਬਰਾਹਟ (Anxiety), ਗੁੱਸੇ, ਜਾਂ ਅਚਾਨਕ ਇਮੋਸ਼ਨਲ ਬ੍ਰੇਕਡਾਊਨ (Emotional Breakdown) ਦੇ ਰੂਪ ਵਿੱਚ ਬਾਹਰ ਨਿਕਲਦਾ ਹੈ। ਜਦੋਂ ਤੁਸੀਂ ਕਿਸੇ ਚੀਜ਼ ਨੂੰ ਇਗਨੋਰ ਕਰਦੇ ਹੋ, ਤਾਂ ਉਹ ਚੀਜ਼ ਤੁਹਾਨੂੰ ਕੰਟਰੋਲ ਕਰਨ ਲੱਗ ਜਾਂਦੀ ਹੈ। ਕਈ ਵਾਰ ਇਨਸਾਨ ਸੋਚਦਾ ਹੈ, “ਮੈਂ ਬਿਨਾਂ ਕਿਸੇ ਕਾਰਨ ਦੇ ਬੇਚੈਨ ਜਾਂ ਉਦਾਸ ਕਿਉਂ ਮਹਿਸੂਸ ਕਰ ਰਿਹਾ ਹਾਂ?” ਅਸੀਂ ਕਾਰਨ ਸਮਝ ਨਹੀਂ ਪਾਉਂਦੇ ਪਰ ਅਸਲ ਕਾਰਨ ਉਹ ਬੀਤਿਆ ਹੋਇਆ ਸਮਾਂ ਹੋ ਸਕਦਾ ਹੈ, ਜਿਸ ਨੂੰ ਕਦੇ ਸਮਝਿਆ ਜਾਂ ਸੰਭਾਲਿਆ ਹੀ ਨਹੀਂ ਗਿਆ।
ਜਿਵੇਂ ਕਿਸੇ ਬਿਮਾਰੀ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਬਿਮਾਰੀ ਹੋਰ ਵੱਧ ਸਕਦੀ ਹੈ, ਓਸੇ ਤਰ੍ਹਾਂ ਬੀਤੇ ਸਮੇਂ ਦੇ ਦੁੱਖਾਂ ਨੂੰ ਨਜ਼ਰਅੰਦਾਜ ਕਰਨ ਨਾਲ ਉਹ ਅੰਦਰ ਹੀ ਅੰਦਰ ਹੋਰ ਗਹਿਰੇ ਹੁੰਦੇ ਜਾਂਦੇ ਹਨ। ਅਸੀਂ ਆਪਣੀਆਂ ਭਾਵਨਾਵਾਂ ਨੂੰ ਸਮਝਣ ਦੀ ਬਜਾਏ ਦਬਾ ਦਿੰਦੇ ਹਾਂ। ਮਨੋਵਿਗਿਆਨ (Psychology) ਵਿੱਚ ਇਸ ਨੂੰ ਭਾਵਨਾਵਾਂ ਦਾ ਦਮਨ (Emotional Suppression) ਕਿਹਾ ਜਾਂਦਾ ਹੈ।
ਜੇ ਅਸੀਂ ਬੀਤੇ ਸਮੇਂ ਤੋਂ ਸਿੱਖਿਆ ਹੀ ਨਹੀਂ, ਤਾਂ ਭਵਿੱਖ ਵਿੱਚ ਉਹੀ ਗਲਤੀਆਂ ਦੁਬਾਰਾ ਹੋਣ ਦੀ ਸੰਭਾਵਨਾ (Possibility) ਹੋਰ ਵੱਧ ਜਾਂਦੀ ਹੈ।
• ਬੀਤੇ ਹੋਏ ਸਮੇਂ ਨੂੰ ਸਵੀਕਾਰ ਕਰਨ ਦਾ ਕੀ ਮਤਲਬ ਹੈ?
ਬੀਤੇ ਸਮੇਂ ਨੂੰ ਸਵੀਕਾਰ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਜੋ ਹੋਇਆ ਉਹ ਸਹੀ ਸੀ, ਜਾਂ ਤੁਸੀਂ ਉਸ ਤੋਂ ਖੁਸ਼ ਹੋ। ਇਸਦਾ ਮਤਲਬ ਸਿਰਫ਼ ਇਹ ਹੈ ਕਿ ਤੁਸੀਂ ਇਸ ਸੱਚਾਈ ਨੂੰ ਮੰਨ ਚੁੱਕੇ ਹੋ ਕਿ ਜੋ ਹੋਣਾ ਸੀ, ਉਹ ਹੋ ਗਿਆ, ਅਤੇ ਹੁਣ ਉਸਨੂੰ ਬਦਲਿਆ ਨਹੀਂ ਜਾ ਸਕਦਾ।
ਜਦੋਂ ਤੱਕ ਅਸੀਂ ਸਵੀਕਾਰ ਨਹੀਂ ਕਰਦੇ, ਸਾਡੇ ਦਿਮਾਗ ਵਿੱਚ ਇੱਕ ਜੰਗ ਚੱਲਦੀ ਰਹਿੰਦੀ ਹੈ —
“ਇੰਝ ਨਹੀਂ ਸੀ ਹੋਣਾ ਚਾਹੀਦਾ,”
“ਜੇ ਮੈਂ ਉਦੋਂ ਇੰਝ ਕਰ ਲੈਂਦਾ/ਲੈਂਦੀ ਤਾਂ ਸ਼ਾਇਦ ਸਭ ਠੀਕ ਹੁੰਦਾ।”
ਅਸੀਂ ਉਸ ਚੀਜ਼ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਾਂ ਜੋ ਸਾਡੇ ਹੱਥ ਵਿੱਚ ਹੈ ਹੀ ਨਹੀਂ। ਜਦੋਂ ਤੁਸੀਂ ਇਸ ਸੱਚਾਈ ਨੂੰ ਮੰਨ ਲੈਂਦੇ ਹੋ, ਤਾਂ ਉਹ ਫ਼ਾਲਤੂ ਦੀ ਲੜਾਈ ਖ਼ਤਮ ਹੋ ਜਾਂਦੀ ਹੈ। ਤੁਸੀਂ ਉਸ ਹਾਦਸੇ ਨੂੰ ਸਹੀ ਨਹੀਂ ਠਹਿਰਾ ਰਹੇ, ਤੁਸੀਂ ਬਸ ਹਕੀਕਤ ਅੱਗੇ ਹਥਿਆਰ ਸੁੱਟ ਰਹੇ ਹੋ ਕਿ “ਹਾਂ, ਇਹ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ।”
ਕਿਵੇਂ ਦਿਖਦਾ ਹੈ: “ਤੁਸੀਂ ਖੁਦ ਨੂੰ ਇਹ ਕਹਿਣ ਦੀ ਇਜਾਜ਼ਤ ਦਿੰਦੇ ਹੋ ਕਿ “ਮੈਂ ਇਨਸਾਨ ਹਾਂ, ਅਤੇ ਮੈਨੂੰ ਤਕਲੀਫ਼ ਹੋਈ ਹੈ।”
ਫ਼ਾਇਦਾ: ਜਦੋਂ ਤੁਸੀਂ ਸਵੀਕਾਰ ਕਰਦੇ ਹੋ, ਤਾਂ ਤੁਸੀਂ ਉਸ ਦੁੱਖ ਜਾਂ ਗੁੱਸੇ ਨੂੰ ਮਹਿਸੂਸ ਕਰਦੇ ਹੋ ਅਤੇ ਉਸਨੂੰ ਹੌਲੀ-ਹੌਲੀ ਆਪਣੇ ਅੰਦਰੋਂ ਨਿਕਲਣ ਦਿੰਦੇ ਹੋ। ਸਵੀਕਾਰ ਕਰਨ ਨਾਲ ਤੁਸੀਂ ਉਸ ਪੁਰਾਣੀ ਕਹਾਣੀ ਦੀ ਤਾਕਤ ਖ਼ਤਮ ਕਰ ਦਿੰਦੇ ਹੋ। ਫਿਰ ਉਹ ਯਾਦ ਤਾਂ ਰਹਿੰਦੀ ਹੈ, ਪਰ ਉਸ ਵਿੱਚ ਤੁਹਾਨੂੰ ਤਕਲੀਫ਼ ਦੇਣ ਦਾ ਦਮ ਨਹੀਂ ਰਹਿੰਦਾ। ਇਹ ਇੱਕ ਇਨਸਾਨ ਨੂੰ “Emotional Freedom” (ਭਾਵਨਾਤਮਕ ਆਜ਼ਾਦੀ) ਦਿੰਦੀਆਂ ਹਨ। ਤੁਸੀਂ ਪਾਸਟ ਦੇ ਕੈਦੀ ਨਹੀਂ ਰਹਿੰਦੇ। ਤੁਸੀਂ ਇਹ ਸਮਝ ਜਾਂਦੇ ਹੋ ਕਿ ਪਾਸਟ ਤੁਹਾਡੀ ਜ਼ਿੰਦਗੀ ਦਾ ਇੱਕ ‘ਪੰਨਾ’ (page) ਸੀ, ਪੂਰੀ ‘ਕਿਤਾਬ’ (book) ਨਹੀਂ।
ਇਸ ਲਈ ਯਾਦ ਰੱਖੋ:
- ਬੀਤੇ ਸਮੇਂ ਨੂੰ ਸਵੀਕਾਰ ਕਰਨਾ (Accept) = ਆਪਣੇ ਚੇਤਨ ਮਨ (Conscious Mind) ਨਾਲ ਉਸ ਅਨੁਭਵ ਨੂੰ ਸਮਝਣਾ, ਉਸ ਤੋਂ ਸਿੱਖਣਾ ਅਤੇ ਉਸ ਨੂੰ ਭਾਵਨਾਤਮਕ ਤੌਰ ’ਤੇ ਛੱਡ ਦੇਣਾ। (Emotionally release karna)
- ਬੀਤੇ ਸਮੇਂ ਨੂੰ ਨਜ਼ਰਅੰਦਾਜ਼ ਕਰਨਾ (Ignore) = ਦੁੱਖ ਨੂੰ ਅਵਚੇਤਨ ਮਨ (Subconscious Mind) ਵਿੱਚ ਦਬਾ ਦੇਣਾ, ਬਿਨਾਂ ਉਸ ਨੂੰ ਸਮਝੇ ਜਾਂ ਮਹਿਸੂਸ ਕੀਤੇ।
ਇੱਕ ਛੋਟੀ ਜਿਹੀ ਕਹਾਣੀ ਨਾਲ ਸਮਝੋ:
ਮੰਨ ਲਓ ਤੁਹਾਡੇ ਰਸਤੇ ਵਿੱਚ ਇੱਕ ਵੱਡਾ ਪੱਥਰ (ਪਾਸਟ) ਹੈ।
ਨਜਰਅੰਦਾਜ਼ ਕਰਨ ਵਾਲਾ: ਅੱਖਾਂ ਬੰਦ ਕਰਕੇ ਅੱਗੇ ਵਧਣ ਦੀ ਕੋਸ਼ਿਸ਼ ਕਰੇਗਾ, ਪਰ ਵਾਰ-ਵਾਰ ਉਸ ਪੱਥਰ ਨਾਲ ਟਕਰਾ ਕੇ ਡਿੱਗੇਗਾ ਅਤੇ ਜ਼ਖ਼ਮੀ ਹੋਵੇਗਾ।
ਸਵੀਕਾਰ ਕਰਨ ਵਾਲਾ: ਦੇਖੇਗਾ ਕਿ ਹਾਂ, ਇੱਥੇ ਇੱਕ ਵੱਡਾ ਪੱਥਰ ਹੈ। ਉਹ ਮੰਨ ਲਵੇਗਾ ਕਿ ਇਸ ਪੱਥਰ ਨੂੰ ਇੱਥੋਂ ਹਟਾਇਆ ਨਹੀਂ ਜਾ ਸਕਦਾ, ਅਤੇ ਉਹ ਧਿਆਨ ਨਾਲ ਉਸਦੇ ਉੱਪਰੋਂ ਜਾਂ ਸਾਈਡ ਤੋਂ ਨਿਕਲ ਜਾਵੇਗਾ।
ਸਿੱਟਾ (Conclusion)
ਇਗਨੋਰ ਕਰਨਾ ਇੱਕ ਆਰਜ਼ੀ (temporary) ਰਾਹਤ ਹੈ ਜੋ ਅੱਗੇ ਜਾ ਕੇ ਹੋਰ ਦਰਦ ਦਿੰਦੀ ਹੈ।
ਸਵੀਕਾਰ ਕਰਨਾ ਸ਼ੁਰੂ-ਸ਼ੁਰੂ ਵਿੱਚ ਮੁਸ਼ਕਿਲ ਅਤੇ ਦਰਦਨਾਕ ਹੁੰਦਾ ਹੈ, ਪਰ ਇਹ ਤੁਹਾਨੂੰ ਹਮੇਸ਼ਾ ਲਈ ਆਜ਼ਾਦ ਕਰ ਦਿੰਦਾ ਹੈ।